ਅੰਮ੍ਰਿਤਸਰ ਦੇ ਇਤਿਹਾਸਕ ਖਾਲਸਾ ਕਾਲਜ ਵਿੱਚ ਅੱਜ ਜੀ20 ਸੰਮੇਲਨ ਸ਼ੁਰੂ ਹੋ ਰਿਹਾ ਹੈ। ਸੰਮੇਲਨ ਵਿੱਚ ਜੀ20 ਨਾਲ ਸਬੰਧਤ 28 ਮੁਲਕਾਂ ਦੇ ਲਗਪਗ 55 ਡੈਲੀਗੇਟ ਸ਼ਾਮਲ ਹੋਣਗੇ। ਕੇਂਦਰੀ ਸਿੱਖਿਆ ਮੰਤਰਾਲੇ ਵੱਲੋਂ ਕਰਵਾਏ ਜਾ ਰਹੇ ਸੰਮੇਲਨ ਵਿੱਚ ਸੈਮੀਨਾਰ, ਪ੍ਰਦਰਸ਼ਨੀਆਂ ਤੇ ਵੱਖ ਵੱਖ ਕਾਰਜ ਸਮੂਹਾਂ ਦੀਆਂ ਮੀਟਿੰਗਾਂ ਸ਼ਾਮਲ ਹੋਣਗੀਆਂ। ਇਸ ਸੰਮੇਲਨ ਵਿੱਚ ਦੂਜੀ ਐਜੂਕੇਸ਼ਨ ਵਰਕਿੰਗ ਗਰੁੱਪ ਦੇ ਮੈਂਬਰਾਂ ਤੋਂ ਇਲਾਵਾ ਯੂਨੈਸਕੋ, ਯੂਨੀਸੈਫ਼ ਤੇ ਹੋਰ ਅੰਤਰਰਾਸ਼ਟਰੀ ਸੰਸਥਾਵਾਂ ਦੇ ਨੁਮਾਇੰਦੇ ਵੀ ਸ਼ਾਮਲ ਹੋ ਰਹੇ ਹਨ।
ਕੇਂਦਰ ਦੇ ਉਚੇਰੀ ਸਿੱਖਿਆ ਮੰਤਰਾਲੇ ਦੇ ਸਕੱਤਰ ਕੇ. ਸੰਜੇ ਮੂਰਤੀ ਨੇ ਦੱਸਿਆ ਕਿ ਇਹ ਸੰਮੇਲਨ ਦੂਜੀ ਐਜੂਕੇਸ਼ਨ ਵਰਕਿੰਗ ਕਮੇਟੀ ਦੇ ਮੈਂਬਰ ਦੇਸ਼ਾਂ ਤੇ ਅੰਤਰਰਾਸ਼ਟਰੀ ਸੰਸਥਾਵਾਂ ਨੂੰ ਆਪਸੀ ਵਿਦਿਅਕ ਸਹਿਯੋਗ ਨੂੰ ਮਜ਼ਬੂਤ ਕਰਨ ਤੇ ਸਹਿਯੋਗ ਲਈ ਨਵੇਂ ਮੌਕਿਆਂ ਬਾਰੇ ਚਰਚਾ ਕਰਨ ਵਾਸਤੇ ਮੰਚ ਮੁਹੱਈਆ ਕਰੇਗਾ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਦੂਜੀ ਐਜੂਕੇਸ਼ਨ ਵਰਕਿੰਗ ਕਮੇਟੀ ਦੀਆਂ ਚਾਰ ਮੀਟਿੰਗਾਂ ਹੋ ਚੁੱਕੀਆਂ ਹਨ। ਇਨ੍ਹਾਂ ਤੋਂ ਬਾਅਦ ਇੱਕ ਸਾਂਝਾ ਰੋਡ ਮੈਪ ਤਿਆਰ ਕੀਤਾ ਜਾਵੇਗਾ, ਜੋ ਵਿਦਿਅਕ ਤੇ ਰੁਜ਼ਗਾਰ ਦੇ ਮੌਕਿਆਂ ਦੇ ਵਿਕਾਸ ਲਈ ਮਾਰਗ ਦਰਸ਼ਕ ਵਜੋਂ ਕੰਮ ਕਰੇਗਾ।
ਇਸ ਉੱਚ ਪੱਧਰੀ ਵਿੱਦਿਅਕ ਸੰਮੇਲਨ ਵਿੱਚ ਆਈਆਈਟੀ ਰੋਪੜ, ਆਈਆਈਐੱਮ ਅੰਮ੍ਰਿਤਸਰ, ਆਈਆਈਐੱਸਸੀ ਬੰਗਲੁਰੂ ਤੇ ਟੀਆਈਐੱਸਐੱਸ ਮੁੰਬਈ ਵਰਗੀਆਂ ਪ੍ਰਮੁੱਖ ਸੰਸਥਾਵਾਂ ਆਪਣੀ ਖੋਜ, ਸਰੋਤੀਕਰਨ ਅਤੇ ਨਵੀਨਤਾਵਾਂ ਨੂੰ ਉਤਸ਼ਾਹਿਤ ਕਰਨ ਦੇ ਵਿਸ਼ੇ ’ਤੇ ਸੈਮੀਨਾਰ ਕਰਨਗੀਆਂ। ਇਹ ਸੈਮੀਨਾਰ ਆਈਆਈਐਸਸੀ ਬੰਗਲੂਰੂ ਦੇ ਡਾਇਰੈਕਟਰ ਪ੍ਰੋਫੈਸਰ ਗੋਬਿੰਦ ਰੰਗਰਾਜਨ ਵੱਲੋਂ ਜੀ20 ਮੁਲਕਾਂ ਵਿਚ ਖੋਜ ਪਹਿਲਕਦਮੀਆਂ ’ਤੇ ਇਕ ਪੇਸ਼ਕਾਰੀ ਨਾਲ ਸ਼ੁਰੂ ਹੋਵੇਗਾ। ਇਸ ਸੈਮੀਨਾਰ ਵਿਚ ਦੋ ਸੈਸ਼ਨ ਵਿਚਾਰ ਵਟਾਂਦਰੇ ਦੇ ਵੀ ਹੋਣਗੇ, ਜਿਨ੍ਹਾਂ ਵਿੱਚੋਂ ਇੱਕ ਦੀ ਪ੍ਰਧਾਨਗੀ ਆਈਆਈਟੀ ਰੋਪੜ ਦੇ ਡਾਇਰੈਕਟਰ ਪ੍ਰੋਫ਼ੈਸਰ ਰਾਜੀਵ ਆਹੂਜਾ ਕਰਨਗੇ, ਜਦੋਂ ਕਿ ਦੂਜੇ ਸੈਸ਼ਨ ਦੀ ਪ੍ਰਧਾਨਗੀ ਟੀਆਈਐਸਐਸ ਮੁੰਬਈ ਦੀ ਡਾਇਰੈਕਟਰ ਡਾ. ਸ਼ਾਲਿਨੀ ਭਾਰਤ ਵੱਲੋਂ ਕੀਤੀ ਜਾਵੇਗੀ। ਪੈਨਲ ਚਰਚਾ ਵਿੱਚ ਭਾਰਤ ਸਮੇਤ ਫਰਾਂਸ, ਇੰਗਲੈਂਡ, ਆਸਟਰੇਲੀਆ, ਓਮਾਨ, ਦੱਖਣੀ ਅਫਰੀਕਾ, ਯੂਨੀਸੈਫ਼ ਚੀਨ ਆਦਿ ਮੁਲਕਾਂ ਦੇ ਪ੍ਰਤੀਨਿਧ ਭਾਗ ਲੈਣਗੇ। ਸੈਮੀਨਾਰ ਦੇ ਨਾਲ ਹੀ ਇੱਕ ਮਲਟੀਮੀਡੀਆ ਪ੍ਰਦਰਸ਼ਨੀ ਦਾ ਵੀ ਆਯੋਜਨ ਕੀਤਾ ਜਾਵੇਗਾ, ਜਿਸ ਵਿੱਚ ਖੋਜ, ਨਵੀਨਤਾ, ਸਹਿਯੋਗ ਅਤੇ ਸਾਂਝੇਦਾਰੀ ਸਬੰਧੀ ਯਤਨਾਂ ਦੀ ਪੇਸ਼ਕਾਰੀ ਹੋਵੇਗੀ।