ਪੰਜਾਬ-ਹਰਿਆਣਾ ਦੀ ਸਰਹੱਦ ਤੋਂ ਲੰਘਦੇ ਘੱਗਰ ਦਰਿਆ ‘ਚ ਬੀਤੀ ਦੇਰ ਰਾਤ ਹਰਿਆਣਾ ਵਾਲੀ ਸਾਈਡ ਬੰਨ ‘ਚ ਪਾੜ ਪੈ ਜਾਣ ਕਾਰਨ ਬੰਨ ਟੁੱਟ ਗਿਆ । ਘੱਗਰ ਦਾ ਪਾਣੀ ਬੰਨ ਤੋੜ ਕੇ ਹਾਂਸੀ ਬੁਟਾਣਾ ਨਹਿਰ ਵਿਚ ਦਾਖ਼ਲ ਹੋ ਗਿਆ ਜਿਸ ਨਾਲ ਹਾਂਸੀ ਬੁਟਾਣਾ ਨਹਿਰ ਵੀ ਦੋਨਾਂ ਪਾਸਿਆਂ ਤੋਂ ਟੁੱਟ ਗਈ। ਇਸ ਨਾਲ ਹਰਿਆਣਾ ਖੇਤਰ ਦੇ ਪਿੰਡਾਂ ‘ਚ ਪਾਣੀ ਤੇਜ਼ੀ ਨਾਲ ਦਾਖ਼ਲ ਹੋ ਗਿਆ । ਘੱਗਰ ਦਰਿਆ ਅਤੇ ਮੀਰਾਂ ਪੁਰ ਚੋਅ ਦੀ ਮਾਰ ਝੱਲ ਰਹੇ ਲੋਕਾਂ ਨੇ ਕੁਝ ਪਾਣੀ ਘਟਣ ਨਾਲ ਸੁੱਖ ਦਾ ਸਾਂਹ ਲਿਆ । ਪੰਜਾਬ ਦੇ ਇਨ੍ਹਾਂ ਹੜ੍ਹ ਪ੍ਰਭਾਵਿਤ ਪਿੰਡਾਂ ‘ਚ ਅੱਧਾ ਫੁੱਟ ਤੋਂ ਜਿਆਦਾ ਪਾਣੀ ਘੱਟ ਹੋ ਗਿਆ । ਇਸ ਤੋਂ ਬਿਨਾਂ ਘੱਗਰ ਦਰਿਆ ਦਾ ਬੰਨ ਹਰਿਆਣਾ ‘ਚ ਦਾਖਲ ਹੋਣ ਉਪਰੰਤ ਵੀ ਟੁੱਟ ਗਿਆ ਹੈ। ਜਿਕਰਯੋਗ ਹੈ ਕਿ ਬੀਤੇ ਦੋ ਦਿਨਾਂ ਤੋਂ ਇਸ ਖੇਤਰ ‘ਚ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਸੀ ਜਿਸ ਨਾਲ ਲੋਕਾਂ ‘ਚ ਸਹਿਮ ਦਾ ਮਾਹੌਲ ਸੀ ਅਤੇ ਵਧਦੇ ਪਾਣੀ ਦੇ ਪੱਧਰ ਕਾਰਨ ਲੋਕ ਵੱਡੀ ਗਿਣਤੀ ‘ਚ ਸੁਰੱਖਿਅਤ ਥਾਵਾਂ ‘ਤੇ ਜਾ ਚੁਕੇ ਸਨ।