ਦੁਨੀਆ ‘ਚ ਕੋਰੋਨਾ ਵਾਇਰਸ ਦੇ ਕਹਿਰ ਨਾਲ ਸਭ ਤੋਂ ਜ਼ਿਆਦਾ ਜੂਝ ਰਹੇ ਅਮਰੀਕਾ ਵਿਚ ਇਸ ਮਹਾਮਾਰੀ ਦੀ ਮਾਰ ਫਿਰ ਵਧਣ ਲੱਗੀ ਹੈ। ਇਸ ਦੇਸ਼ ਵਿਚ ਬੀਤੇ 24 ਘੰਟੇ ਦੌਰਾਨ 58 ਹਜ਼ਾਰ ਤੋਂ ਜ਼ਿਆਦਾ ਨਵੇਂ ਕੋਰੋਨਾ ਪ੍ਰਭਾਵਿਤ ਮਿਲਣ ਨਾਲ ਪੀੜਤਾਂ ਦਾ ਅੰਕੜਾ 84 ਲੱਖ ਤੋਂ ਜ਼ਿਆਦਾ ਹੋ ਗਿਆ ਹੈ। ਹੁਣ ਤਕ ਕੁਲ ਕਰੀਬ ਸਵਾ ਦੋ ਲੱਖ ਪੀੜਤਾਂ ਦੀ ਮੌਤ ਹੋਈ ਹੈ।
ਜੋਹਨਸ ਹਾਪਕਿਨਸ ਯੂਨੀਵਰਸਿਟੀ ਦੇ ਡਾਟਾ ਅਨੁਸਾਰ ਅਮਰੀਕਾ ਵਿਚ ਸੋਮਵਾਰ ਨੂੰ 58 ਹਜ਼ਾਰ 387 ਨਵੇਂ ਪਾਜ਼ੇਟਿਵ ਕੇਸ ਮਿਲੇ। ਇਕ ਦਿਨ ਪਹਿਲੇ 70 ਹਜ਼ਾਰ ਤੋਂ ਜ਼ਿਆਦਾ ਨਵੇਂ ਪੀੜਤ ਮਿਲੇ ਸਨ। ਜੁਲਾਈ ਮਹੀਨੇ ਪਿੱਛੋਂ ਇਕ ਦਿਨ ਵਿਚ ਨਵੇਂ ਮਾਮਲਿਆਂ ਦਾ ਇਹ ਨਵਾਂ ਰਿਕਾਰਡ ਹੈ। ਅਮਰੀਕਾ ਵਿਚ ਸੱਤ ਅਕਤੂਬਰ ਤੋਂ ਰੋਜ਼ਾਨਾ 45 ਹਜ਼ਾਰ ਤੋਂ ਜ਼ਿਆਦਾ ਨਵੇਂ ਕੋਰੋਨਾ ਰੋਗੀ ਪਾਏ ਜਾ ਰਹੇ ਹਨ। ਅਮਰੀਕਾ ਵਿਚ ਸਭ ਤੋਂ ਵੱਧ ਕੋਰੋਨਾ ਪ੍ਰਭਾਵਿਤ ਕੈਲੀਫੋਰਨੀਆ, ਟੈਕਸਾਸ, ਫਲੋਰੀਡਾ ਅਤੇ ਨਿਊਯਾਰਕ ਵਰਗੇ ਸੂਬਿਆਂ ਵਿਚ ਮਿਲੇ ਹਨ। ਕੈਲੀਫੋਰਨੀਆ ਵਿਚ ਅੱਠ ਲੱਖ 80 ਹਜ਼ਾਰ ਅਤੇ ਟੈਕਸਾਸ ਵਿਚ ਵੀ ਕਰੀਬ ਏਨੇ ਹੀ ਮਾਮਲੇ ਹਨ। ਫਲੋਰੀਡਾ ਵਿਚ ਸਾਢੇ ਸੱਤ ਲੱਖ ਕੋਰੋਨਾ ਪੀੜਤ ਮਿਲੇ ਹਨ ਜਦਕਿ ਨਿਊਯਾਰਕ ਵਿਚ ਹੁਣ ਤਕ ਕੁਲ ਕਰੀਬ ਸਵਾ ਪੰਜ ਲੱਖ ਪੀੜਤ ਮਿਲੇ ਹਨ।