ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਦਾ ਸਾਹਮਣਾ ਕਰਨ ਚੁੱਕੇ ਅਮਰੀਕਾ ‘ਚ ਹੁਣ ਪਾਬੰਦੀਆਂ ‘ਚ ਢਿੱਲ ਮਿਲਣੀ ਸ਼ੁਰੂ ਹੋ ਗਈ ਹੈ। ਯੂਰਪ ‘ਚ ਵੀ ਪਾਬੰਦੀਆਂ ‘ਚ ਰਾਹਤ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਹ ਕਦਮ ਅਜਿਹੇ ਸਮੇਂ ਚੁੱਕੇ ਜਾ ਰਹੇ ਹਨ, ਜਦੋਂ ਭਾਰਤ ਤੇ ਬ੍ਰਾਜ਼ੀਲ ਵਰਗੇ ਦੇਸ਼ਾਂ ‘ਚ ਕੋਰੋਨਾ ਦਾ ਕਹਿਰ ਵਧ ਗਿਆ ਹੈ। ਇਸ ਦੌਰਾਨ ਦੁਨੀਆ ‘ਚ ਬੀਤੇ 24 ਘੰਟਿਆਂ ‘ਚ ਸੱਤ ਲੱਖ ਤੋਂ ਵੱਧ ਨਵੇਂ ਇਨਫੈਕਟਿਡ ਵਧ ਗਏ ਤੇ ਕਰੀਬ 11 ਹਜ਼ਾਰ ਪੀੜਤਾਂ ਦੀ ਮੌਤ ਹੋ ਗਈ।
ਅਮਰੀਕਾ ‘ਚ ਨਵੇਂ ਮਾਮਲਿਆਂ ‘ਚ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਦੇਸ਼ ‘ਚ ਬੀਤੇ ਅਕਤੂਬਰ ਮਹੀਨੇ ਤੋਂ ਬਾਅਦ ਪਹਿਲੀ ਵਾਰ ਰੋਜ਼ਾਨਾ ਦੇ ਨਵੇਂ ਮਾਮਲਿਆਂ ਦੀ ਔਸਤ ਗਿਣਤੀ 50 ਹਜ਼ਾਰ ਤੋਂ ਹੇਠਾਂ ਪਹੁੰਚ ਗਈ ਹੈ। ਦੁਨੀਆ ‘ਚ ਮਹਾਮਾਰੀ ਤੋਂ ਸਭ ਤੋਂ ਵੱਧ ਪ੍ਰਭਾਵਿਤ ਅਮਰੀਕਾ ‘ਚ ਹੁਣ ਤਕ ਕੁਲ ਤਿੰਨ ਕਰੋੜ 32 ਲੱਖ ਤੋਂ ਵੱਧ ਮਾਮਲੇ ਮਿਲੇ ਹਨ। ਜਦਕਿ ਪੰਜ ਲੱਖ 91 ਹਜ਼ਾਰ ਤੋਂ ਵੱਧ ਦੀ ਮੌਤ ਹੋਈ ਹੈ। ਨਵੇਂ ਮਾਮਲਿਆਂ ‘ਚ ਗਿਰਾਵਟ ਤੋਂ ਬਾਅਦ ਨਿਊਯਾਰਕ ਦੇ ਗਵਰਨਰ ਐਂਡਰਿਊ ਕੁਓਮੋ ਨੇ ਐਲਾਨ ਕੀਤਾ ਕਿ ਮੱਧ ਮਈ ਤੋਂ ਮੈਟਰੇ ਰੇਲ ਸੇਵਾ ਰਾਤ ‘ਚ ਵੀ ਬਹਾਲ ਕਰ ਦਿੱਤੀ ਜਾਵੇਗੀ। ਇਸੇ ਤਰ੍ਹਾਂ ਕਈ ਹੋਰ ਅਮਰੀਕੀ ਸੂਬਿਆਂ ‘ਚ ਵੀ ਕਦਮ ਚੁੱਕੇ ਜਾ ਰਹੇ ਹਨ। ਏਧਰ 27 ਮੈਂਬਰੀ ਯੂਰਪੀ ਯੂਨੀਅਨ (ਈਯੂ) ਦੇ ਅਧਿਕਾਰੀਆਂ ਨੇ ਸੋਮਵਾਰ ਨੂੰ ਯਾਤਰਾ ਸਬੰਧੀ ਪਾਬੰਦੀਆਂ ‘ਚ ਰਾਹਤ ਦੇਣ ਦੀ ਤਜਵੀਜ਼ ਦਾ ਐਲਾਨ ਕੀਤਾ। ਹਾਲਾਂਕਿ ਪਾਬੰਦੀਆਂ ‘ਚ ਢਿੱਲ ਦੇਣ ਦਾ ਆਖ਼ਰੀ ਫ਼ੈਸਲਾ ਮੈਂਬਰ ਦੇਸ਼ਾਂ ‘ਚੇ ਨਿਰਭਰ ਕਰੇਗਾ। ਤਜਵੀਜ਼ ਤਹਿਤ ਉਨ੍ਹਾਂ ਲੋਕਾਂ ਨੂੰ ਯੂਰਪੀ ਦੇਸ਼ਾਂ ‘ਚ ਦਾਖ਼ਲਾ ਦੇਣ ਦਾ ਸੁਝਾਅ ਦਿੱਤਾ ਗਿਆ ਹੈ, ਜਿਨ੍ਹਾਂ ਦਾ ਟੀਕਾਕਰਨ ਪੂਰਾ ਹੋ ਚੁੱਕਿਆ ਹੈ। ਇਨਫੈਕਸ਼ਨ ਰੋਕਣ ਲਈ ਬਰਤਾਨੀਆ, ਜਰਮਨੀ, ਫਰਾਂਸ, ਸਪੇਨ ਤੇ ਇਟਲੀ ਵਰਗੇ ਦੇਸ਼ਾਂ ‘ਚ ਸਖ਼ਤ ਕਦਮ ਚੁੱਕੇ ਗਏ ਸਨ। ਮਹਾਮਾਰੀ ਦੀ ਦੂਜੀ ਲਹਿਰ ਦਾ ਸਾਹਮਣਾ ਕਰਨ ਵਾਲੇ ਬਰਤਾਨੀਆ ਸਮੇਤ ਕਈ ਯੂਰਪੀ ਦੇਸ਼ਾਂ ‘ਚ ਹੁਣ ਨਵੇਂ ਮਾਮਲਿਆਂ ‘ਚ ਕਾਫ਼ੀ ਕਮੀ ਦੇਖੀ ਜਾ ਰਹੀ ਹੈ।ਇੱਥੇ ਰਿਹਾ ਇਹ ਹਾਲ
ਪਾਕਿਸਤਾਨ : ਕਰੀਬ ਇਕ ਮਹੀਨੇ ਬਾਅਦ ਨਵੇਂ ਮਾਮਲਿਆਂ ‘ਚ ਗਿਰਾਵਟ ਆਈ ਹੈ। ਬੀਤੇ 24 ਘੰਟਿਆਂ ‘ਚ 3,337 ਨਵੇਂ ਕੇਸ ਪਾਏ ਗਏ ਤੇ 161 ਮਰੀਜ਼ਾਂ ਦੀ ਮੌਤ ਹੋ ਗਈ।
ਨੇਪਾਲ : ਇਸ ਹਿਮਾਲਿਆਈ ਦੇਸ਼ ‘ਚ ਕੋਰੋਨਾ ਮਹਾਮਾਰੀ ਖ਼ਤਰਨਾਕ ਹੁੰਦੀ ਜਾ ਰਹੀ ਹੈ। ਇਕ ਦਿਨ ‘ਚ ਰਿਕਾਰਡ 7,448 ਨਵੇਂ ਇਨਫੈਕਟਿਡ ਪਾਏ ਗਏ ਤੇ 37 ਪੀੜਤਾਂ ਦੀ ਜਾਨ ਚਲੀ ਗਈ।
ਰੂਸ : ਦੇਸ਼ ‘ਚ 7,770 ਨਵੇਂ ਪਾਜ਼ੇਟਿਵ ਮਿਲਣ ਨਾਲ ਪੀੜਤਾਂ ਦੀ ਗਿਣਤੀ 48 ਲੱਖ 39 ਹਜ਼ਾਰ ਤੋਂ ਵੱਧ ਹੋ ਗਈ। ਕੁਲ ਇਕ ਲੱਖ 11 ਹਜ਼ਾਰ ਮੌਤਾਂ ਹੋਈਆਂ ਹਨ।