Good Friday 2021 : ਈਸਾਈ ਭਾਈਚਾਰੇ ‘ਚ ਕ੍ਰਿਸਮਸ ਦੀ ਤਰ੍ਹਾਂ ਗੁੱਡ ਫ੍ਰਾਈਡੇ (Good Friday) ਦਾ ਵੀ ਬੜਾ ਮਹੱਤਵ ਹੈ ਤੇ ਇਹ ਸਭ ਤੋਂ ਅਹਿਮ ਤਿਉਹਾਰਾਂ ‘ਚੋਂ ਇਕ ਵੀ ਹੈ। ਇਸ ਸਾਲ ਗੁੱਡ ਫ੍ਰਾਈਡੇ 02 ਅਪ੍ਰੈਲ ਨੂੰ ਮਨਾਇਆ ਜਾ ਰਿਹਾ ਹੈ। ਗੁੱਡ ਫ੍ਰਾਈਡੇ ਨੂੰ ‘ਹੋਲੀ ਫ੍ਰਾਈਡੇ’ ਜਾਂ ‘ਗ੍ਰੇਟ ਫ੍ਰਾਈਡੇ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਯਾਨੀ ਅਲੱਗ-ਅਲੱਗ ਦੇਸ਼ਾਂ ਵਿਚ ਇਸ ਤਿਉਹਾਰ ਨੂੰ ਅਲੱਗ-ਅਲੱਗ ਨਾਵਾਂ ਨਾਲ ਜਾਣਿਆ ਜਾਂਦਾ ਹੈ।
ਕਿਉਂ ਮਨਾਇਆ ਜਾਂਦਾ ਹੈ ਗੁੱਡ ਫ੍ਰਾਈਡੇ
ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਈਸਾਈ ਭਾਈਚਾਰਾ ਈਸਾ-ਮਸੀਹ ਨੂੰ ਮੰਨਦਾ ਹੈ ਤੇ ਇਸ ਦਿਨ ਉਨ੍ਹਾਂ ਨੂੰ ਸੂਲੀ ‘ਤੇ ਚੜ੍ਹਾਇਆ ਜਾਂਦਾ ਸੀ। ਯਾਨੀ ਗੁੱਡ ਫ੍ਰਾਈਡੇ ਖੁਸ਼ੀ ਦਾ ਤਿਉਹਾਰ ਨਹੀਂ ਹੈ। ਪਰ ਈਸਾ ਮਸੀਹ ਨੂੰ ਸੂਲੀ ਚੜ੍ਹਾਉਣ ਦੇ ਤਿੰਨ ਦਿਨਾਂ ਬਾਅਦ ਹੀ ਉਹ ਮੁੜ ਜੀਵਤ ਹੋ ਗਏ ਸਨ, ਜਿਸ ਦੀ ਖੁਸ਼ੀ ‘ਚ ਈਸਟਰ ਸੰਡੇ ਮਨਾਇਆ ਜਾਂਦਾ ਹੈ। ਕਿਉਂਕਿ ‘ਗੁੱਡ ਫ੍ਰਾਈਡੇ’ ਨੂੰ ਈਸਾਈ ਧਰਮ ਦੇ ਲੋਕ ‘ਸ਼ੋਕ ਦਿਵਸ’ ਦੀ ਤਰ੍ਹਾਂ ਮਨਾਉਂਦੇ ਹਨ ਇਸ ਲਈ ਕਈ ਲੋਕਾਂ ਦੇ ਮਨ ਵਿਚ ਸਭ ਤੋਂ ਵੱਡਾ ਸਵਾਲ ਇਸ ਗੱਲ ਨੂੰ ਲੈ ਕੇ ਆਉਂਦਾ ਹੈ ਕਿ ਜਿਸ ਦਿਨ ਯੀਸੂ ਨੂੰ ਸੂਲੀ ‘ਤੇ ਚੜ੍ਹਾਇਆ ਗਿਆ, ਉਸ ਦਿਨ ਨੂੰ ‘ਗੁੱਡ’ ਯਾਨੀ ਚੰਗਾ ਕਿਵੇਂ ਕਿਹਾ ਜਾ ਸਕਦਾ ਹੈ?
ਅਸਲ ਵਿਚ ਈਸਾਈ ਭਾਈਚਾਰੇ ‘ਚ ਇਹ ਮਾਨਤਾ ਹੈ ਕਿ ਈਸਾ ਮਸੀਹ ਨੇ ਆਪਣੇ ਭਾਈਚਾਰੇ ਦੀ ਭਲਾਈ ਲਈ ਆਪਣੀ ਜਾਨ ਦੇ ਦਿੱਤੀ ਸੀ, ਇਸ ਲਈ ਇਸ ਦਿਨ ਨੂੰ ‘ਗੁੱਡ’ ਯਾਨੀ ਚੰਗਾ ਕਹਿ ਕੇ ਸੰਬੋਧਨ ਕੀਤਾ ਜਾਂਦਾ ਹੈ ਕਿਉਂਕਿ ਇਹ ਦਿਨ ਸ਼ੁੱਕਰਵਾਰ ਨੂੰ ਆਉਂਦਾ ਹੈ ਇਸ ਲਈ ਇਸ ਨੂੰ ‘ਗੁੱਡ ਫ੍ਰਾਈਡੇ’ ਕਿਹਾ ਜਾਂਦਾ ਹੈ। ਇਸ ਦਿਨ ਨੂੰ ਉਨ੍ਹਾਂ ਦੀ ਕੁਰਬਾਨੀ ਦਿਵਸ ਦੇ ਰੂਪ ‘ਚ ਮਨਾਉਂਦੇ ਹਨ।
ਗੁੱਡ ਫ੍ਰਾਈਡੇ ਨਾਂ ਕਿਵੇਂ ਪਿਆ?
ਈਸਾਈ ਧਰਮ ਅਨੁਸਾਰ ਈਸਾ ਮਸੀਹ ਭਗਵਾਨ ਦੇ ਪੁੱਤਰ ਹਨ। ਉਨ੍ਹਾਂ ਨੂੰ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਨ ਲਈ ਮੌਤ ਦੀ ਸਜ਼ਾ ਦਿੱਤੀ ਗਈ। ਕੱਟੜਪੰਥੀਆਂ ਨੂੰ ਖੁਸ਼ ਕਰਨ ਲਈ ਪਿਲਾਤੁਸ ਨੇ ਯੀਸੂ ਨੂੰ ਕ੍ਰਾਸ ‘ਤੇ ਲਟਕਾ ਕੇ ਜਾਨੋਂ ਮਾਰਨ ਦਾ ਹੁਕਮ ਸੁਣਾਇਆ। ਉਨ੍ਹਾਂ ‘ਤੇ ਕਈ ਤਰ੍ਹਾਂ ਦੇ ਸਿਤਮ ਕੀਤੇ ਗਏ, ਪਰ ਯੀਸ਼ੂ ਉਨ੍ਹਾਂ ਲਈ ਪ੍ਰਾਰਥਨਾ ਕਰਦੇ ਰਹੇ ਕਿ ‘ਹੇ ਈਸ਼ਵਰ! ਇਨ੍ਹਾਂ ਨੂੰ ਮਾਫ਼ ਕਰਨਾ ਕਿਉਂਕਿ ਇਹ ਨਹੀਂ ਜਾਣਦੇ ਕਿ ਇਹ ਕੀ ਕਰ ਰਹੇ ਹਨ।’
ਜਿਸ ਦਿਨ ਈਸਾ ਮਸੀਹ ਨੂੰ ਕ੍ਰਾਸ ‘ਤੇ ਲਟਕਾਇਆ ਗਿਆ ਸੀ, ਉਸ ਦਿਨ ਫ੍ਰਾਈਡੇ ਯਾਨੀ ਕਿ ਸ਼ੁੱਕਰਵਾਰ ਸੀ। ਉਦੋਂ ਤੋਂ ਉਸ ਦਿਨ ਨੂੰ ਗੁੱਡ ਫ੍ਰਾਈਡੇ ਕਿਹਾ ਜਾਣ ਲੱਗਾ।
ਕਿਵੇਂ ਮਨਾਇਆ ਜਾਂਦਾ ਹੈ ਗੁੱਡ ਫ੍ਰਾਈਡੇ?
ਗੁੱਡ ਫ੍ਰਾਈਡੇ ਨੂੰ ਈਸਾਈ ਭਾਈਚਾਰੇ ਦੇ ਲੋਕ ਵੱਡੇ ਪੱਧਰ ‘ਤੇ ਮਨਾਉਂਦੇ ਹਨ। ਉਨ੍ਹਾਂ ਦੇ ਘਰਾਂ ‘ਚ ਗੁੱਡ ਫ੍ਰਾਈਡੇ ਦੇ 40 ਦਿਨ ਪਹਿਲਾਂ ਤੋਂ ਹੀ ਪ੍ਰਾਰਥਨਾ ਤੇ ਵਰਤ ਰੱਖਣਾ ਸ਼ੁਰੂ ਕਰ ਦਿੱਤਾ ਜਾਂਦਾ ਹੈ। ਗੁੱਡ ਫ੍ਰਾਈਡੇ ਦੇ ਵਰਤ ‘ਚ ਸ਼ਾਕਾਹਾਰੀ ਖਾਣਾ ਹੀ ਖਾਧਾ ਜਾਂਦਾ ਹੈ। 40 ਦਿਨਾਂ ਬਾਅਦ ਜਦੋਂ ਵਰਤ ਖ਼ਤਮ ਹੁੰਦਾ ਹੈ ਤਾਂ ਲੋਕ ਗੁੱਡ ਫ੍ਰਾਈਡੇ ਵਾਲੇ ਦਿਨ ਚਰਚਾ ਜਾਂਦੇ ਹਨ ਤੇ ਆਪਣੇ ਈਸਾ-ਮਸੀਹ ਨੂੰ ਯਾਦ ਕਰ ਕੇ ਸੋਗ ਮਨਾਉਂਦੇ ਹਨ। ਇਸ ਦਿਨ ਈਸਾ ਦੀਆਂ ਅੰਤਿਮ ਗੱਲਾਂ ਦੀ ਵਿਸ਼ੇਸ਼ ਵਿਆਖਿਆ ਕੀਤੀ ਜਾਂਦੀ ਹੈ ਜੋ ਤਿਆਗ, ਖ਼ਿਮਾ, ਮਦਦ ਤੇ ਮੇਲ-ਜੋਲ ‘ਤੇ ਕੇਂਦ੍ਰਿਤ ਹੁੰਦੀ ਹੈ।