ਤਿੱਬੜ ਥਾਣਾ ਅਧੀਨ ਪੈਂਦੇ ਪਿੰਡ ਭੁੰਬਲੀ ਵਿਚ ਆਪਣੀ ਪਤਨੀ ਅਤੇ ਪੁੱਤਰ ਨੂੰ ਸਰਵਿਸ ਕਾਰਬਾਈਨ ਨਾਲ ਫੇਟ ਮਾਰ ਕੇ ਖ਼ੁਦਕੁਸ਼ੀ ਕਰਨ ਵਾਲਾ ਏਐਸਆਈ ਭੁਪਿੰਦਰ ਸਿੰਘ ਅਕਸਰ ਆਪਣੀ ਪਤਨੀ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਰਹਿੰਦਾ ਸੀ। ਮ੍ਰਿਤਕ ਬਲਜੀਤ ਕੌਰ ਦੇ ਪਿਤਾ ਦੀਦਾਰ ਸਿੰਘ ਵਾਸੀ ਉਸਮਾਨਪੁਰਾ ਬਟਾਲਾ ਨੇ ਦੱਸਿਆ ਕਿ ਉਸ ਦੀ ਲੜਕੀ ਦਾ ਵਿਆਹ ਕਰੀਬ 23 ਸਾਲ ਪਹਿਲਾਂ ਮੁਲਜ਼ਮ ਨਾਲ ਹੋਇਆ ਸੀ।
ਬਲਜੀਤ ਕੌਰ ਅਕਸਰ ਉਸ ਨੂੰ ਦੱਸਦੀ ਰਹਿੰਦੀ ਸੀ ਕਿ ਭੁਪਿੰਦਰ ਸਿੰਘ ਝਗੜਾ ਕਰਦਾ ਸੀ। ਉਹ ਹਮੇਸ਼ਾ ਘਰ ਵਿਚ ਕਲੇਸ਼ ਪੈਦਾ ਕਰਦਾ ਹੈ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਹੈ। 4 ਅਪ੍ਰੈਲ ਨੂੰ ਸਵੇਰੇ 8 ਵਜੇ ਦੇ ਕਰੀਬ ਉਸ ਦੀ ਲੜਕੀ ਨੇ ਫ਼ੋਨ ਕਰ ਕੇ ਦੱਸਿਆ ਕਿ ਭੁਪਿੰਦਰ ਸਿੰਘ ਘਰ ਆਇਆ ਹੈ, ਜਿਸ ਕੋਲ ਸਰਕਾਰੀ ਕਾਰਬਾਈਨ ਵੀ ਸੀ | ਉਹ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਿਹਾ ਹੈ। ਜਦੋਂ ਉਹ ਆਪਣੀ ਪਤਨੀ ਮਨਜੀਤ ਕੌਰ ਨਾਲ ਬੇਟੀ ਦੇ ਘਰ ਪਹੁੰਚਿਆ ਤਾਂ ਮੁਲਜ਼ਮ ਹੱਥ ਵਿਚ ਕਾਰਬਾਈਨ ਲੈ ਕੇ ਘੁੰਮ ਰਿਹਾ ਸੀ। ਇਸ ਦੌਰਾਨ ਉਸ ਨੇ ਗੁਆਂਢੀ ਔਰਤ ਮਨਜੀਤ ਕੌਰ ਨੂੰ ਅਗਵਾ ਕਰ ਲਿਆ ਤੇ ਕਾਰ ਵਿਚ ਫਰਾਰ ਹੋ ਗਿਆ। ਜਦੋਂ ਉਹ ਘਰ ਦੇ ਅੰਦਰ ਗਿਆ ਤਾਂ ਮੁਲਜ਼ਮ ਨੇ ਉਸ ਦੀ ਲੜਕੀ ਬਲਜੀਤ ਕੌਰ ਤੇ ਦੋਹਤੇ ਬਲਪ੍ਰੀਤ ਸਿੰਘ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਇਸ ਤੋਂ ਇਲਾਵਾ ਘਰ ਦੇ ਪਾਲਤੂ ਕੁੱਤੇ ਨੂੰ ਵੀ ਗੋਲੀ ਮਾਰ ਕੇ ਮਾਰ ਦਿੱਤਾ ਗਿਆ।
ਦੂਜੇ ਪਾਸੇ ਪੁਲਿਸ ਨੇ ਮੌਕੇ ਤੋਂ 11 ਗੋਲੀਆਂ ਦੇ ਖੋਲ, 9 ਐਮਐਮ ਦੇ ਪੰਜ ਜਿੰਦਾ ਰੌਂਦ, ਮੋਬਾਈਲ ਫੋਨ ਆਦਿ ਬਰਾਮਦ ਕੀਤਾ ਹੈ। ਥਾਣਾ ਸਦਰ ਤਿੱਬੜ ਅਮਨਦੀਪ ਕੌਰ ਨੇ ਦੱਸਿਆ ਕਿ ਮ੍ਰਿਤਕ ਏਐਸਆਈ ਭੁਪਿੰਦਰ ਸਿੰਘ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਗਿਆ ਹੈ।