ਜਬਰ ਜਨਾਹ ਤੇ ਕਤਲ ਕੇਸ ਵਿੱਚ ਦੋਸ਼ੀ ਠਹਿਰਾਏ ਗਏ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਦੀ 40 ਦਿਨਾਂ ਦੀ ਪੈਰੋਲ ਖ਼ਤਮ ਹੋ ਗਈ ਹੈ। ਰਾਮ ਰਹੀਮ ਸ਼ੁੱਕਰਵਾਰ ਨੂੰ ਰੋਹਤਕ ਦੀ ਸੁਨਾਰੀਆ ਜੇਲ੍ਹ ‘ਚ ਪਰਤਣਗੇ। ਰਾਮ ਰਹੀਮ 15 ਅਕਤੂਬਰ ਨੂੰ 40 ਦਿਨਾਂ ਦੀ ਪੈਰੋਲ ‘ਤੇ ਜੇਲ੍ਹ ਤੋਂ ਬਾਹਰ ਆਇਆ ਸੀ। ਰੋਹਤਕ ਦੀ ਸੁਨਾਰੀਆ ਜੇਲ੍ਹ ਤੋਂ ਰਿਹਾਈ ਤੋਂ ਬਾਅਦ ਰਾਮ ਰਹੀਮ ਬਾਗਪਤ ਦੇ ਬਿਨੌਲੀ ਵਿੱਚ ਰਹਿੰਦੇ ਸੀ। ਇੱਥੇ ਉਹ ਆਪਣੇ ਸ਼ਰਧਾਲੂਆਂ ਲਈ ਆਨਲਾਈਨ ਸਤਿਸੰਗ ਕਰਦੇ ਸਨ, ਜਿਸ ਨੂੰ ਬਾਅਦ ਵਿੱਚ ਬੰਦ ਕਰ ਦਿੱਤਾ ਗਿਆ।
ਰਾਮ ਰਹੀਮ ਪੈਰੋਲ ਦੌਰਾਨ ਬਿਨੌਲੀ ਸਥਿਤ ਆਸ਼ਰਮ ‘ਚ ਰਹਿ ਕੇ ਸੋਸ਼ਲ ਮੀਡੀਆ ‘ਤੇ ਸਰਗਰਮ ਸੀ। ਇਸ ਤੋਂ ਇਲਾਵਾ ਰਾਮ ਰਹੀਮ ਨੇ ਆਨਲਾਈਨ ਸਤਿਸੰਗ ਰਾਹੀਂ ਵੀ ਆਪਣੇ ਪੈਰੋਕਾਰਾਂ ਨਾਲ ਸਿੱਧੇ ਤੌਰ ‘ਤੇ ਗੱਲਬਾਤ ਕੀਤੀ ਸੀ। ਜਦੋਂ ਰਾਮ ਰਹੀਮ ਨੂੰ ਹਨੀਪ੍ਰੀਤ ਨੂੰ ਗੱਦੀ ਸੌਂਪਣ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਨੇ ਸਪੱਸ਼ਟ ਕੀਤਾ ਕਿ ਉਹੋ ਹੀ ਡੇਰੇ ਦੀ ਮੁਖੀ ਬਣੇ ਰਹਿਣਗੇ। ਦੱਸ ਦੇਈਏ ਕਿ ਜਦੋਂ ਉਹ ਪੈਰੋਲ ‘ਤੇ ਬਾਹਰ ਆਏ ਸੀ ਤਾਂ ਇਸ ਦੌਰਾਨ ਚਰਚਾ ਸੀ ਕਿ ਹਨੀਪ੍ਰੀਤ ਹੁਣ ਡੇਰੇ ਦੀ ਗੱਦੀ ਦੀ ਕਮਾਨ ਸੰਭਾਲੇਗੀ।
ਰੁਹਾਨੀ ਦੀਦੀ’ ਦੇ ਨਾਂ ਨਾਲ ਜਾਣੀ ਜਾਵੇਗੀ ਹਨੀਪ੍ਰੀਤ
ਹਾਲਾਂਕਿ ਰਾਮ ਰਹੀਮ ਨੇ ਆਪਣੇ ਆਨਲਾਈਨ ਸਤਿਸੰਗ ‘ਚ ਕਿਹਾ ਕਿ ਉਹ ਡੇਰੇ ਦੀ ਗੱਦੀ ‘ਤੇ ਸੀ, ਹੈ ਤੇ ਰਹੇਗਾ। ਇਸ ਦੇ ਨਾਲ ਹੀ ਰਾਮ ਰਹੀਮ ਨੇ ਹਨੀਪ੍ਰੀਤ ਨੂੰ ਨਵਾਂ ਨਾਂ ਦਿੱਤਾ। ਰਾਮ ਰਹੀਮ ਨੇ ਕਿਹਾ ਕਿ ਭਵਿੱਖ ‘ਚ ਹਨੀਪ੍ਰੀਤ ‘ਰੁਹਾਨੀ ਦੀਦੀ’ ਦੇ ਨਾਂ ਨਾਲ ਜਾਣੀ ਜਾਵੇਗੀ। ਇਸ ਦੇ ਨਾਲ ਹੀ ਜੇਲ੍ਹ ਜਾਣ ਤੋਂ ਪਹਿਲਾਂ ਰਾਮ ਰਹੀਮ ਨੇ 12 ਵਜੇ ਆਪਣਾ ਨਵਾਂ ਗੀਤ ‘ਚੈਟ ਪੇ ਗੱਲਬਾਤ’ ਲਾਂਚ ਕੀਤਾ। ਬਹੁਤ ਹੀ ਘੱਟ ਸਮੇਂ ਵਿੱਚ ਲਗਭਗ 7 ਮਿਲੀਅਨ ਲੋਕ ਇਸਨੂੰ ਯੂ-ਟਿਊਬ ‘ਤੇ ਦੇਖ ਚੁੱਕੇ ਹਨ।