ਹਰਿਦੁਆਰ ‘ਚ ਚੱਲ ਰਹੇ ਕੁੰਭ ਮੇਲੇ ‘ਤੇ ਵੀ ਕੋਰੋਨਾ ਮਹਾਮਾਰੀ ਦਾ ਸਾਇਆ ਨਜ਼ਰ ਆ ਰਿਹਾ ਹੈ। ਇੱਥੇ ਵੱਡੀ ਗਿਣਤੀ ‘ਚ ਲੋਕ ਕੋਰੋਨਾ ਪਾਜ਼ੇਟਿਵ ਆ ਰਹੇ ਹਨ। ਹੁਣ ਤਕ ਅਖਾੜਾ ਪ੍ਰੀਸ਼ਦ ਦੇ ਮੁਖੀ ਸ਼੍ਰੀਮਹੰਤ ਨਰੇਂਦਰ ਗਿਰੀ ਸਮੇਤ 51 ਸੰਤ ਇਨਫੈਕਟਿਡ ਹੋ ਚੁੱਕੇ ਹਨ। ਇਸ ਤੋਂ ਇਲਾਵਾ ਚਿਤਰਕੂਟ ਤੋਂ ਹਰਿਦੁਆਰ ਕੁੰਭ ਮੇਲੇ ’ਚ ਸ਼ਾਮਲ ਹੋਣ ਆਏ ਮਹਾਮੰਡਲੇਸ਼ਵਰ ਕਪਿਲ ਦੇਵਦਾਸ ਦੀ ਕੋਰੋਨਾ ਇਨਫੈਕਸ਼ਨ ਕਾਰਨ ਮੌਤ ਹੋ ਗਈ। ਨਿਰਵਾਣੀ ਅਣੀ ਬੈਰਾਗੀ ਅਖਾਡ਼ੇ ਦੇ ਮਹਾਮੰਡਲੇਸ਼ਵਰ ਕਪਿਲ ਦੇਵਦਾਸ (65) ਸੋਮਵਤੀ ਮੱਸਿਆ ਦੇ ਸ਼ਾਹੀ ਇਸ਼ਨਾਨ ਤੋਂ ਪਹਿਲਾਂ ਹਰਿਦੁਆਰ ਆ ਗਏ ਸਨ। 12 ਅਪ੍ਰੈਲ ਨੂੰ ਸੋਮਵਤਤੀ ਮੱਸਿਆ ਦੇ ਇਸ਼ਨਾਨ ਤੋਂ ਬਾਅਦ ਉਹ ਆਪਣੇ ਅਖਾੜੇ ’ਚ ਪਰਤ ਗਏ ਸਨ। ਕੁਝ ਦੇਰ ਬਾਅਦ ਉਨ੍ਹਾਂ ਨੇ ਸਾਹ ਲੈਣ ’ਚ ਤਕਲੀਫ਼ ਤੇ ਬੁਖ਼ਾਰ ਦੀ ਸ਼ਿਕਾਇਤ ਕੀਤੀ। ਇਸ ’ਤੇ ਉਨ੍ਹਾਂ ਨੂੰ ਦੇਹਰਾਦੂਨ ਸਥਿਤ ਕੈਲਾਸ਼ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ। ਇੱਥੇ ਉਨ੍ਹਾਂ ਦੀ ਕੋਰੋਨਾ ਜਾਂਚ ਕੀਤੀ ਗਈ, ਜਿਹਡ਼ੀ ਪਾਜ਼ੇਟਿਵ ਆਈ। ਡਾਕਟਰਾਂ ਮੁਤਾਬਕ ਉਹ ਕਿਡਨੀ ਰੋਗ ਤੋਂ ਗ੍ਰਸਿਤ ਸਨ, ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਕੋਰੋਨਾ ਕਾਰਨ ਉਨ੍ਹਾਂ ਦੀ ਹਾਲਤ ਵਿਗਡ਼ ਗਈ ਤੇ ਉਨ੍ਹਾਂ ਦੀ ਮੌਤ ਹੋ ਗਈ।
ਕੋਰੋਨਾ ਇਨਫੈਕਸ਼ਨ ਨਾਲ ਮਹਾਮੰਡਲੇਸ਼ਵਰ ਦੀ ਮੌਤ ਤੇ ਕਈ ਹੋਰ ਸੰਤਾਂ ਦੇ ਇਨਫੈਕਟਿਡ ਹੋਣ ਨਾਲ ਸੰਤ ਸਮਾਜ ਵੀ ਸਹਿਮਿਆ ਹੋਇਆ ਹੈ। ਅਜਿਹੇ ’ਚ ਸ਼੍ਰੀਪੰਚਾਇਤੀ ਅਖਾੜਾ ਨਿਰੰਜਨੀ ਤੇ ਆਨੰਦ ਅਖਾੜੇ ਨੇ ਵੀਰਵਾਰ ਨੂੰ ਪਹਿਲ ਕਰਦੇ ਹੋਏ ਆਪਣੇ ਅਖਾੜੇ ਦੇ ਸੰਤਾਂ ਲਈ ਕੁੰਭ ਮੇਲਾ ਸਮਾਪਤ ਕਰਨ ਦਾ ਐਲਾਨ ਕਰ ਦਿੱਤਾ ਹੈ। ਇੱਧਰ, ਉੱਤਰਾਖੰਡ ਦੇ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਨੇ ਕੋਵਿਡ ਦੀ ਰੋਕਥਾਮ ਦੇ ਮਸਲੇ ’ਤੇ ਸ਼ੁੱਕਰਵਾਰ ਨੂੰ ਉੱਚ ਪੱਧਰੀ ਮੀਟਿੰਗ ਬੁਲਾਈ ਹੈ। ਨਾਈਟ ਕਰਫਿਊ ਦੀ ਮਿਆਦ ਵਧਾਉਣ, ਦਫ਼ਤਰਾਂ ’ਚ ਹਾਜ਼ਰੀ ਘੱਟ ਕਰਨ ਤੇ ਬਾਹਰੀ ਲੋਕਾਂ ਦੇ ਦਾਖ਼ਲੇ ’ਤੇ ਰੋਕ ਲਗਾਉਣ ਦਾ ਵੀ ਫ਼ੈਸਲਾ ਕੀਤਾ ਜਾ ਸਕਦਾ ਹੈ।ਹਰਿਦੁਆਰ ’ਚ ਇਨ੍ਹੀਂ ਦਿਨੀਂ ਕੁੰਭ ਮੇਲਾ ਚੱਲ ਰਿਹਾ ਹੈ, ਜਿਸ ਵਿਚ ਸ਼ਾਹੀ ਤੇ ਤਿਉਹਾਰੀ ਇਸ਼ਨਾਨ ਦੇ ਦਿਨ ਲੱਖਾਂ ਦੀ ਗਿਣਤੀ ’ਚ ਸਾਧੂ ਸੰਤ ਤੇ ਆਮ ਸ਼ਰਧਾਲੂ ਪਹੁੰਚ ਰਹੇ ਹਨ। ਹਾਲਾਂਕਿ, ਮੇਲੇ ’ਚ ਆਉਣ ਵਾਲਿਆਂ ਲਈ 72 ਘੰਟਿਆਂ ਦੇ ਅੰਤਰਾਲ ਦੀ ਆਰਟੀਪੀਸੀਆਰ ਨੈਗੇਟਿਵ ਰਿਪੋਰਟ ਲਿਆਉਣ ਦੀ ਲਾਜ਼ਮੀਅਤਾ ਕੀਤੀ ਗਈ ਸੀ, ਪਰ ਇਸ ਦੀ ਪੂਰੀ ਤਰ੍ਹਾਂ ਪਾਲਣਾ ਨਹੀਂ ਕੀਤੀ।