ਮੌਨਸੂਨ ਦੀ ਰੁੱਤ ਜਿੱਥੇ ਗਰਮੀ ਤੋਂ ਰਾਹਤ ਦਿਵਾਉਣ ਦਾ ਸਬੱਬ ਬਣਦੀ ਹੈ, ਉੱਥੇ ਆਪਣੇ ਨਾਲ ਅਨੇਕਾਂ ਬਿਮਾਰੀਆਂ ਵੀ ਲੈ ਕੇ ਆਉਂਦੀ ਹੈ। ਲੋਕਾਂ ਨੂੰ ਹਰ ਸਾਲ ਇਸ ਨਮੀ ਤੇ ਗਰਮੀ ਵਾਲੇ ਮੌਸਮ ’ਚ ਕਈ ਤਰ੍ਹਾਂ ਦੀਆਂ ਲਾਗਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਦੌਰਾਨ ਰੋਗੀ ਨੂੰ ਬੁਖ਼ਾਰ ਚੜ੍ਹਨਾ, ਪੇਟ ਦਰਦ, ਵਾਰ-ਵਾਰ ਦਸਤ ਲੱਗਣਾ, ਜੀਅ ਕੱਚਾ ਹੋਣਾ ਆਦਿ ਲੱਛਣ ਵੇਖਣ ਨੂੰ ਮਿਲਦੇ ਹਨ। ਬਰਸਾਤੀ ਮੌਸਮ ’ਚ ਇਕ ਹੋਰ ਬਿਮਾਰੀ ਜ਼ੁਕਾਮ ਵੇਖਣ ਨੂੰ ਮਿਲਦੀ ਹੈ।
ਇਸ ਦੇ ਲੱਛਣ ਨੱਕ ਵਗਣਾ ਜਾਂ ਨੱਕ ਬੰਦ ਹੋਣਾ, ਛਿੱਕਾਂ ਆਉਣੀਆਂ, ਬੁਖ਼ਾਰ, ਸਰੀਰ ਦੁਖਣਾ ਆਦਿ ਹਨ। ਇਸ ਦੌਰਾਨ ਸਰੀਰ ਦੀ ਰੋਗ ਰੱਖਿਅਕ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਸੰਤੁਲਿਤ ਖ਼ੁਰਾਕ ਖਾਓ। ਭੀੜ-ਭੜੱਕੇ ਵਾਲੀਆਂ ਥਾਵਾਂ ’ਤੇ ਮਾਸਕ ਦੀ ਵਰਤੋਂ ਕਰ ਕੇ ਵੀ ਇਸ ਤੋਂ ਬਚ ਸਕਦੇ ਹਾਂ।
ਬਰਸਾਤੀ ਮੌਸਮ ’ਚ ਟਾਈਫਾਈਡ ਸਾਲਮੋਨੈਲਾ ਟਾਈਫੀ ਨਾਂ ਦੇ ਜੀਵਾਣੂ ਪੇਟ ਦੀਆਂ ਅੰਤੜੀਆਂ ਅੰਦਰ ਲਾਗ ਲੱਗਣ ਕਾਰਨ ਹੁੰਦਾ ਹੈ। ਇਸ ’ਚ ਰੋਗੀ ਨੂੰ ਬੁਖ਼ਾਰ, ਸਿਰ ਦਰਦ, ਭੁੱਖ ਘਟਣਾ, ਦਸਤ ਲੱਗਣਾ, ਸਰੀਰਕ ਕਮਜ਼ੋਰੀ ਤੇ ਥਕਾਵਟ, ਸੁੱਕੀ ਖੰਘ, ਭਾਰ ਘਟਣਾ ਆਦਿ ਲੱਛਣ ਹੋ ਸਕਦੇ ਹਨ। ਲੱਛਣ ਨਜ਼ਰ ਆਉਣ ’ਤੇ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ।
ਮੱਛਰਾਂ ਨਾਲ ਫੈਲਦੇ ਹਨ ਕਈ ਰੋਗ
ਬਰਸਾਤੀ ਮੌਸਮ ’ਚ ਖੜ੍ਹੇ ਪਾਣੀ ਵਿਚ ਮੱਛਰ ਪੈਦਾ ਹੋਣ ਨਾਲ ਮਲੇਰੀਆ, ਚਿਕਨਗੁਨੀਆ ਤੇ ਡੇਂਗੂ ਆਦਿ ਰੋਗ ਫੈਲ ਸਕਦੇ ਹਨ। ਇਸ ਤੋਂ ਬਚਣ ਲਈ ਕੂਲਰਾਂ, ਛੱਪੜਾਂ, ਨਾਲੀਆਂ, ਪੁਰਾਣੇ ਭਾਂਡਿਆਂ, ਪਾਈਪਾਂ ਤੇ ਟੈਂਕੀਆਂ ਆਦਿ ਵਿਚ ਪਾਣੀ ਨੂੰ ਲੰਮੇ ਸਮੇਂ ਲਈ ਖੜ੍ਹਾ ਨਹੀਂ ਰਹਿਣ ਦੇਣਾ ਚਾਹੀਦਾ। ਇਨ੍ਹਾਂ ਬਿਮਾਰੀਆਂ ਵਿਚ ਆਮ ਤੌਰ ’ਤੇ ਤੇਜ਼ ਬੁਖ਼ਾਰ, ਠੰਢ ਲੱਗਣਾ, ਸਰੀਰ ਦੁਖਣਾ, ਸਿਰ ਦਰਦ, ਬਹੁਤ ਜ਼ਿਆਦਾ ਪਸੀਨਾ ਆਉਣਾ ਆਦਿ ਲੱਛਣ ਵੇਖਣ ਨੂੰ ਮਿਲਦੇ ਹਨ।
ਡੇਂਗੂ ਵਿਚ ਪਲੇਟਲੈੱਟ ਸੈੱਲ ਘਟ ਸਕਦੇ ਹਨ। ਲੱਛਣ ਨਜ਼ਰ ਆਉਣ ’ਤੇ ਟੈਸਟ ਕਰਵਾਏ ਜਾਣ ਤੇ ਡਾਕਟਰੀ ਸਲਾਹ ਲਈ ਜਾਵੇ।
ਵਾਇਰਲ ਬੁਖ਼ਾਰ
ਬਰਸਾਤੀ ਮੌਸਮ ’ਚ ਆਮ ਵਾਇਰਲ ਬੁਖ਼ਾਰ ਅਕਸਰ ਹੀ ਹੋ ਜਾਂਦਾ ਹੈ। ਹਵਾ ਨਾਲ ਫੈਲਣ ਵਾਲਾ ਇਹ ਬੁਖ਼ਾਰ ਘਰ ਦੇ ਇਕ ਜੀਅ ਤੋਂ ਦੂਜੇ ਜੀਆਂ ਨੂੰ ਅਕਸਰ ਚੜ੍ਹ ਜਾਂਦਾ ਹੈ। ਇਸ ’ਚ ਰੋਗੀ ਨੂੰ ਬੁਖ਼ਾਰ, ਥਕਾਵਟ, ਕਮਜ਼ੋਰੀ, ਸਰੀਰ ਕੰਬਣਾ ਅਤੇ ਚੱਕਰ ਆਉਣੇ ਜਿਹੇ ਲੱਛਣ ਵੇਖਣ ਨੂੰ ਮਿਲ ਸਕਦੇ ਹਨ। ਇਹ ਬੁਖ਼ਾਰ ਤਿੰਨ ਤੋਂ ਪੰਜ ਦਿਨਾਂ ’ਚ ਠੀਕ ਹੋ ਜਾਂਦਾ ਹੈ।
ਚਮੜੀ ਰੋਗ
ਮੌਨਸੂਨ ਦੇ ਸੀਜ਼ਨ ’ਚ ਚਮੜੀ ਦੇ ਰੋਗ ਵੀ ਬਾਕੀ ਦਿਨਾਂ ਨਾਲੋਂ ਜ਼ਿਆਦਾ ਫੈਲਦੇ ਹਨ, ਜਿਵੇਂ ਏਕਜ਼ੀਮਾ, ਦਾਦ ਜਾਂ ਦੱਦਰੀ (ਰਿੰਗ ਵਰਮ), ਨਹੁੰਆਂ ’ਚ ਲਾਗ, ਖਾਰਿਸ਼ ਹੋਣਾ ਜਾਂ ਫੋੜੇ-ਫਿਨਸੀਆਂ ਆਦਿ। ਇਨ੍ਹਾਂ ਵਿੱਚੋਂ ਏਕਜ਼ੀਮਾ ਇਕ ਤਰ੍ਹਾਂ ਦੀ ਐਲਰਜੀ ਹੈ ਤੇ ਦੱਦਰੀ ਫੰਗਸ ਨਾਲ ਹੋਣ ਵਾਲਾ ਲਾਗ ਰੋਗ ਹੈ। ਇਨ੍ਹਾਂ ਰੋਗਾਂ ਤੋਂ ਆਪਣੇ ਸਰੀਰ ਦੀ ਸਾਫ਼-ਸਫ਼ਾਈ ਦਾ ਧਿਆਨ ਰੱਖ ਕੇ ਬਚਿਆ ਜਾ ਸਕਦਾ ਹੈ।
ਧਿਆਨ ਰੱਖਣ ਵਾਲੀਆਂ ਗੱਲਾਂ
ਕੁਝ ਗੱਲਾਂ ਦਾ ਧਿਆਨ ਰੱਖ ਕੇ ਬਰਸਾਤ ਰੁੱਤ ’ਚ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ :-
– ਆਪਣੇ ਆਲੇ-ਦੁਆਲੇ ਦੀ ਸਫ਼ਾਈ ਰੱਖਣਾ।
– ਘਰ ਦਾ ਬਣਿਆ ਤਾਜ਼ਾ ਭੋਜਨ ਖਾਣਾ।
– ਸਾਫ਼ ਪਾਣੀ ਪੀਣਾ।
– ਘਰ ਨੂੰ ਹਵਾਦਾਰ ਰੱਖਣਾ।
– ਭੋਜਨ ਖਾਣ ਤੋਂ ਪਹਿਲਾਂ ਹੱਥਾਂ ਨੂੰ ਧੋਣਾ।
– ਪੂਰੀ ਬਾਂਹ ਵਾਲੇ ਕੱਪੜੇ ਪਹਿਨਣਾ।
– ਮੱਛਰਾਂ ਤੋਂ ਬਚਾਅ ਕਰਨਾ ਤੇ ਆਪਣੇ ਸਰੀਰ ਦੀ ਸਾਫ਼-ਸਫ਼ਾਈ ਦਾ ਧਿਆਨ ਰੱਖਣਾ।