ਉਮਰ ਵੱਧਣ ਦੇ ਨਾਲ ਹੀ ਬਾਡੀ ’ਚ ਤਰ੍ਹਾਂ-ਤਰ੍ਹਾਂ ਦੇ ਬਦਲਾਅ ਆਉਣ ਲੱਗਦੇ ਹਨ। ਸਾਡਾ ਲਾਈਫਸਟਾਈਲ ਅਜਿਹਾ ਹੋ ਗਿਆ ਹੈ ਕਿ ਅਸੀਂ ਨਾ ਸਮੇਂ ’ਤੇ ਸੌਂਦੇ ਹਾਂ ਨਾ ਸਮੇਂ ’ਤੇ ਖਾਂਦੇ ਹਨ ਅਤੇ ਨਾ ਹੀ ਬਾਡੀ ਲਈ ਕੋਈ ਕਸਰਤ ਜਾਂ ਵਰਕਆਊਟ ਕਰਦੇ ਹਾਂ, ਜਿਸਦਾ ਨਤੀਜਾ ਹੈ ਕਿ ਸਾਨੂੰ ਸੌਗ਼ਾਤ ’ਚ ਕਈ ਤਰ੍ਹਾਂ ਦੀਆਂ ਬਿਮਾਰੀਆਂ ਮਿਲਦੀਆਂ ਹਨ। 30-40 ਸਾਲ ਦੀ ਉਮਰ ’ਚ ਬਾਡੀ ’ਚ ਕਈ ਤਰ੍ਹਾਂ ਦੇ ਬਦਲਾਅ ਆਉਂਦੇ ਹਨ, ਇਸ ਉਮਰ ’ਚ ਸਾਡੀ ਲਾਈਫਸਟਾਈਲ ਅਤੇ ਡਾਈਟ ਠੀਕ ਨਾ ਰਹੀ ਤਾਂ ਕਈ ਬਿਮਾਰੀਆਂ ਸਾਨੂੰ ਪਰੇਸ਼ਾਨ ਕਰਨ ਲੱਗਦੀਆਂ ਹਨ। ਯੂਰਿਕ ਐਸਿਡ ਦਾ ਵੱਧਣਾ ਵੀ ਅਜਿਹੀ ਹੀ ਬਿਮਾਰੀ ਹੈ ਜੋ ਸਾਡੇ ਖਾਣ-ਪੀਣ ਕਾਰਨ ਹੁੰਦੀ ਹੈ।
ਕੀ ਤੁਹਾਨੂੰ ਵੀ ਜੋੜਾਂ ਦਾ ਦਰਦ ਸਤਾਉਂਦਾ ਹੈ। ਕੀ ਤੁਹਾਡੇ ਪੈਰਾਂ ਦੀਆਂ ਉਂਗਲੀਆਂ ’ਚ ਦਰਦ ਜਾਂ ਫਿਰ ਪੈਰ ਦੇ ਅੰਗੂਠੇ ’ਚ ਦਰਦ ਜਾਂ ਸੋਜ ਮਹਿਸੂਸ ਹੋ ਰਹੀ ਹੈ? ਅੱਡੀਆਂ ਅਤੇ ਗੋਡਿਆਂ ਦੇ ਦਰਦ ਤੋਂ ਪਰੇਸ਼ਾਨ ਹੋ ਤਾਂ ਸੰਭਲ ਜਾਓ, ਇਹ ਯੂਰਿਕ ਐਸਿਡ ਦੇ ਸੰਕੇਤ ਹਨ। ਇਹ ਬਿਮਾਰੀ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਦੀ ਬਿਮਾਰੀ ਦਾ ਕਾਰਨ ਬਣ ਸਕਦੀ ਹੈ।
ਹੁਣ ਸਵਾਲ ਇਹ ਉੱਠਦਾ ਹੈ ਕਿ ਬਾਡੀ ’ਚ ਯੂਰਿਕ ਐਸਿਡ ਵੱਧ ਰਿਹਾ ਹੈ, ਤਾਂ ਇਸਦੇ ਲੱਛਣਾਂ ਨੂੰ ਕਿਵੇਂ ਪਹਿਚਾਣੀਏ? ਇਸਨੂੰ ਸਮਝਣ ਲਈ ਅਸੀਂ ਗੱਲ ਕਰਦੇ ਹਾਂ ਦਿੱਲੀ ਦੇ ਸੇਂਟ ਸਟੀਫਨ ਹਸਪਤਾਲ ਦੇ ਐੱਮਬੀਬੀਐੱਸ ਐੱਮਡੀ ਮੈਡੀਸਨ ਦੇ ਡਾਕਟਰ ਸ਼ੈਲੇਂਦਰ ਕੁਮਾਰ ਨਾਲ ਜੋ ਸਾਨੂੰ ਦੱਸਣਗੇ ਕਿ ਯੂਰਿਕ ਐਸਿਡ ਕੀ ਹੈ ਅਤੇ ਕਿਹੜੇ ਲੋਕਾਂ ਨੂੰ ਇਸ ਨਾਲ ਵੱਧ ਪਰੇਸ਼ਾਨੀ ਹੋ ਸਕਦੀ ਹੈ।
ਯੂਰਿਕ ਐਸਿਡ ਕੀ ਹੈ ਅਤੇ ਕਿਵੇਂ ਬਣਦਾ ਹੈ?
ਯੂਰਿਕ ਐਸਿਡ ਸਰੀਰ ’ਚ ਮੌਜੂਦ ਪਿਯੂਰੀਨ ਨਾਮਕ ਪ੍ਰੋਟੀਨ ਤੋਂ ਬਣਦਾ ਹੈ। ਸਰੀਰ ’ਚ ਪਹਿਲਾਂ ਤੋਂ ਹੀ ਯੂਰਿਕ ਐਸਿਡ ਦੀ ਕੁਝ ਮਾਤਰਾ ਹੁੰਦੀ ਹੈ, ਜੋ 3.5 ਤੋਂ 7.2 ਮਿਲੀਗ੍ਰਾਮ ਪ੍ਰਤੀ ਡੇਸੀਲੀਟਰ ਤਕ ਹੋ ਸਕਦੀ ਹੈ, ਜੇਕਰ ਬਾਡੀ ’ਚ ਇਸਤੋਂ ਵੱਧ ਯੂਰਿਕ ਐਸਿਡ ਦੀ ਮਾਤਰਾ ਹੋ ਜਾਵੇ ਤਾਂ ਇਸਨੂੰ ਹਾਈ ਯੂਰਿਕ ਐਸਿਡ ਦੀ ਸਮੱਸਿਆ ਕਿਹਾ ਜਾਂਦਾ ਹੈ।
ਕੀ ਹਨ ਮੁੱਖ ਕਾਰਨ
ਰੈੱਡ ਮੀਟ, ਸੀ ਫੂਡ, ਦਾਲ, ਰਾਜ਼ਮਾ, ਪਨੀਰ ਤੇ ਚਾਵਲ ਖਾਣ ਨਾਲ ਵੀ ਯੂਰਿਕ ਐਸਿਡ ਵੱਧ ਸਕਦਾ ਹੈ। ਜ਼ਿਆਦਾ ਦੇਰ ਭੁੱਖੇ ਰਹਿਣ ਨਾਲ ਵੀ ਇਹ ਸਮੱਸਿਆ ਹੋ ਸਕਦੀ ਹੈ। ਸ਼ੂਗਰ ਦੇ ਮਰੀਜ਼ਾਂ ਨੂੰ ਇਹ ਪਰੇਸ਼ਾਨੀ ਜ਼ਿਆਦਾ ਹੋ ਸਕਦੀ ਹੈ।
ਯੂਰਿਕ ਐਸਿਡ ਵੱਧਣ ਨਾਲ ਕਿਹੜੀਆਂ-ਕਿਹੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ
ਸਰੀਰ ’ਚ Uric Acid ਵੱਧਣ ਨਾਲ ਕਈ ਬਿਮਾਰੀਆਂ ਹੋ ਸਕਦੀਆਂ ਹਨ, ਨਾਲ ਹੀ ਬਾਡੀ ਦੇ ਦੂਸਰੇ ਅੰਗਾਂ ’ਤੇ ਬੁਰਾ ਅਸਰ ਪੈ ਸਕਦਾ ਹੈ। ਯੂਰਿਕ ਐਸਿਡ ਦਾ ਜ਼ਿਆਦਾਤਰ ਹਿੱਸਾ ਕਿਡਨੀਆਂ ਰਾਹੀਂ ਫਿਲਟਰ ਹੋ ਜਾਂਦਾ ਹੈ ਜੋ ਟਾਇਲਟ ਰਾਹੀਂ ਸਾਡੇ ਸਰੀਰ ’ਚੋਂ ਬਾਹਰ ਨਿਕਲ ਜਾਂਦਾ ਹੈ। ਯੂਰਿਕ ਐਸਿਡ ਵੱਧਣ ਨਾਲ ਇਹ ਅੱਡੀਆਂ ’ਚ ਜਮ੍ਹਾਂ ਹੋ ਜਾਂਦਾ ਹੈ ਅਤੇ ਇਸ ਨਾਲ ਗਾਉਟ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ। ਜਿਸ ਕਾਰਨ ਜੋੜਾਂ ’ਚ ਦਰਦ, ਸਰੀਰ ’ਚ ਸੋਜ, ਕਿਡਨੀ ਦੀ ਬਿਮਾਰੀ ਤੇ ਮੋਟਾਪਾ ਜਿਹੀਆਂ ਬਿਮਾਰੀਆਂ ਹੋ ਜਾਂਦੀਆਂ ਹਨ। ਇਸ ਤੋਂ ਇਲਾਵਾ ਬਲੱਡ ਪ੍ਰੈਸ਼ਰ, ਥਾਇਰਾਇਡ ਤੇ ਡਾਇਬਟੀਜ਼ ਦਾ ਖ਼ਤਰਾ ਵੱਧ ਜਾਂਦਾ ਹੈ।
ਬਚਾਅ
– ਜੇਕਰ ਤੁਹਾਡੀ ਬਾਡੀ ’ਚ ਯੂਰਿਕ ਐਸਿਡ ਵੱਧਣ ਦੇ ਕੋਈ ਸੰਕੇਤ ਨਹੀਂ ਦਿਸ ਰਹੇ ਤਾਂ ਤੁਸੀਂ ਆਪਣੀ ਡਾਈਟ ਠੀਕ ਰੱਖੋ। ਡਾਈਟ ’ਚ ਪਾਲਕ, ਹਰੀਆਂ ਪੱਤੇਦਾਰ ਸਬਜ਼ੀਆਂ, ਰੈੱਡ ਮੀਟ ਤੇ ਛਿਲਕੇ ਵਾਲੀਆਂ ਦਾਲਾਂ ਨੂੰ ਸਕਿੱਪ ਕਰੋ।
– ਬਾਡੀ ਨੂੰ ਹਾਈਡ੍ਰੇਟ ਰੱਖੋ। ਵੱਧ ਤੋਂ ਵੱਧ ਪਾਣੀ ਪੀਓ।
– ਅਲਕੋਹਲ ਜਾਂ ਬੀਅਰ ਦਾ ਸੇਵਨ ਕਰਦੇ ਹੋ ਤਾਂ ਉਸਨੂੰ ਬੰਦ ਕਰ ਦਿਓ।
– ਯੂਰਿਕ ਐਸਿਡ ਦਾ ਲੈਵਲ ਜਾਣਨ ਲਈ ਟੈਸਟ ਜ਼ਰੂਰ ਕਰਵਾਓ। 3.5 ਤੋਂ 7.2 ਮਿਲੀਗ੍ਰਾਮ ਪ੍ਰਤੀ ਡੇਸੀਲੀਟਰ ਤੋਂ ਵੱਧ ਯੂਰਿਕ ਐਸਿਡ ਹੋਣ ’ਤੇ ਡਾਕਟਰ ਤੋਂ ਇਲਾਜ ਕਰਵਾਓ।