ਚੰਡੀਗੜ੍ਹ-ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਭਲਕੇ ਐਤਵਾਰ ਨੂੰ ਹੋਣਗੀਆਂ, ਜਿਸ ਲਈ ਰਾਜ ਚੋਣ ਕਮਿਸ਼ਨ ਨੇ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਹਰਿਆਣਾ ਦੇ 22 ਜ਼ਿਲ੍ਹਿਆਂ ਵਿੱਚ 40 ਸੀਟਾਂ ’ਤੇ ਹੋਣ ਵਾਲੀ ਚੋਣ ਲਈ ਪੋਲਿੰਗ ਪਾਰਟੀਆਂ ਆਪੋ-ਆਪਣੇ ਬੂਥਾਂ ਲਈ ਰਵਾਨਾ ਹੋ ਗਈਆਂ ਹਨ। ਸੂਬੇ ਦੇ ਕਰੀਬ 4 ਲੱਖ ਵੋਟਰਾਂ ਵੱਲੋਂ 164 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕੀਤਾ ਜਾਵੇਗਾ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਚਾਰ ਪ੍ਰਮੁੱਖ ਸਿੱਖ ਆਗੂ ਬਲਜੀਤ ਸਿੰਘ ਦਾਦੂਵਾਲ, ਜਗਦੀਸ਼ ਸਿੰਘ ਝੀਂਡਾ, ਬਲਦੇਵ ਸਿੰਘ ਕਿਆਮਪੁਰੀ ਅਤੇ ਦੀਦਾਰ ਸਿੰਘ ਨਲਵੀ ਦਾ ਵਕਾਰ ਦਾਅ ਉੱਤੇ ਹੈ। ਬਲਜੀਤ ਸਿੰਘ ਦਾਦੂਵਾਲ ਦੀ ਟੀਮ ਸ਼੍ਰੋਮਣੀ ਅਕਾਲੀ ਦਲ (ਹਰਿਆਣਾ) ਆਜ਼ਾਦ ਦੇ ਬੈਨਰ ਹੇਠ ਚੋਣ ਲੜ ਰਹੀ ਹੈ, ਜਦੋਂ ਕਿ ਜਗਦੀਸ਼ ਸਿੰਘ ਝੀਂਡਾ ਨੇ ਪੰਥਕ ਦਲ (ਝੀਂਡਾ) ਦੇ ਬੈਨਰ ਹੇਠ, ਬਲਦੇਵ ਸਿੰਘ ਕਿਆਮਪੁਰੀ ਦੀ ਟੀਮ ਹਰਿਆਣਾ ਸਿੱਖ ਪੰਥਕ ਦਲ ਦੇ ਬੈਨਰ ਹੇਠ ਅਤੇ ਦੀਦਾਰ ਸਿੰਘ ਨਲਵੀ ਦੇ ਉਮੀਦਵਾਰ ਸਿੱਖ ਸਮਾਜ ਸੰਗਠਨ ਦੇ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ। ਐੱਚਐੱਸਜੀਪੀਸੀ ਚੋਣਾਂ ਵਿੱਚ ਚੁਣੇ ਗਏ ਮੈਂਬਰਾਂ ਵੱਲੋਂ ਹੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਜਨਰਲ ਸਕੱਤਰ ਅਤੇ ਹੋਰ ਅਹੁਦੇਦਾਰਾਂ ਦੀ ਚੋਣ ਕੀਤੀ ਜਾਵੇਗੀ। ਨਵੇਂ ਚੁਣੇ ਗਏ 40 ਮੈਂਬਰਾਂ ਵਲੋਂ ਨੌਂ ਮੈਂਬਰ ਨਾਮਜ਼ਦ ਕੀਤੇ ਜਾਣਗੇ, ਜਿਨ੍ਹਾਂ ਵਿੱਚ ਦੋ ਬੀਸੀ, ਦੋ ਐੱਸਸੀ, ਦੋ ਔਰਤਾਂ ਅਤੇ ਤਿੰਨ ਜਨਰਲ ਮੈਂਬਰ ਸ਼ਾਮਲ ਹੋਣਗੇ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਚੁਣੇ ਗਏ ਮੈਂਬਰਾਂ ਵੱਲੋਂ ਸੂਬੇ ਦੇ 51 ਗੁਰਦੁਆਰਿਆਂ ਦਾ ਪ੍ਰਬੰਧ ਅਤੇ ਸਮਾਜਿਕ ਤੇ ਮੈਡੀਕਲ ਸੰਸਥਾਵਾਂ ਦਾ ਕੰਮਕਾਜ ਵੇਖਿਆ ਜਾਵੇਗਾ।
next post