ਇੰਟਨਰੈਸ਼ਨਲ ਕ੍ਰਿਕਟ ਕੌਂਸਲ ਨੇ ਸੰਯੁਕਤ ਅਰਬ ਅਮੀਰਾਤ (UAE) ਦੇ ਟਾਪ ਆਰਡਰ ਬੱਲੇਬਾਜ਼ ਮੁਹੰਮਦ ਨਾਵੇਦ ਤੇ ਸ਼ੈਮਾਨ ਅਨਵਰ ਦੇ ਇੰਟਰਨੈਸ਼ਨਲ ਕ੍ਰਿਕਟ ਖੇਡਣ ‘ਤੇ ਪਾਬੰਦੀ ਲਗਾ ਦਿੱਤੀ ਹੈ। ਅਗਲੇ 8 ਸਾਲ ਤਕ ਇਨ੍ਹਾਂ ਦੋਵਾਂ ਬੱਲੇਬਾਜ਼ਾਂ ‘ਤੇ ਇਹ ਪਾਬੰਦੀ ਲਗਾਈ ਗਈ ਹੈ। ਇਨ੍ਹਾਂ ਦੋਵਾਂ ਨੂੰ ਮੈਚ ਫਿਕਸ ਕਰਨ ਦੇ ਦੋਸ਼ ‘ਚ ਜਨਵਰੀ ‘ਚ ਮੁਅੱਤਲ ਕੀਤਾ ਗਿਆ ਸੀ। ਨਾਵੇਦ ਯੂਏਈ ਵੱਲੋਂ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ ਹਨ ਤੇ ਟੀਮ ਦੀ ਕਪਤਾਨੀ ਵੀ ਕਰ ਚੁੱਕੇ ਹਨ।
ਸਾਲ 2019 ‘ਚ ਖੇਡੇ ਗਏ T20 ਕਵਾਲੀਫਾਇਰ ਮੁਕਾਬਲਿਆਂ ਨੂੰ ਨਾਵੇਦ ਤੇ ਸ਼ੈਮਾਨ ਨੇ ਫਿਕਸ ਕਰਨ ਦੀ ਕੋਸ਼ਿਸ਼ ਕੀਤੀ ਸੀ। ਇਨ੍ਹਾਂ ਦੋਵਾਂ ਹੀ ਖਿਡਾਰੀਆਂ ਨੂੰ ਆਈਸੀਸੀ ਨੇ ਐਂਟੀ ਕੁਰੱਪਸ਼ਨ ਕੋਡ ਦੀ ਉਲੰਘਣਾ ਕਰਨ ਦਾ ਦੋਸ਼ੀ ਪਾਇਆ ਹੈ। ਯੂਏਈ ਦੇ ਮੁਹੰਮਦ ਨਾਵੇਦ ਸਾਲ 2019 ‘ਚ ਇਸ ਤੋਂ ਪਹਿਲਾਂ ਵੀ ਟੀ10 ਲੀਗ ‘ਚ ਮੈਚ ਫਿਕਸਿੰਗ ਕਰਨ ਲਈ ਫਸ ਚੁੱਕੇ ਹਨ। ਇਨ੍ਹਾਂ ਦੋਵਾਂ ਖਿਡਾਰੀਆਂ ‘ਤੇ ਲਗਾਈ 8 ਸਾਲ ਦੀ ਪਾਬੰਦੀ ਉਦੋਂ ਤੋਂ ਲਾਗੂ ਹੋਵੇਗੀ ਜਦੋਂ ਉਨ੍ਹਾਂ ਨੂੰ ਮੁਅੱਤਲ ਕੀਤਾ ਗਿਆ ਸੀ।