ਪਾਕਿਸਤਾਨ ਦੇ ਗ੍ਰਹਿ ਮੰਤਰੀ ਰਾਣਾ ਸਨਾਉੱਲਾਹ ਨੇ ਵੀਰਵਾਰ ਨੂੰ ਇਮਰਾਨ ਖ਼ਾਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਹ ਗੁਪਤ ਜਾਣਕਾਰੀ ਲੀਕ ਕਰਨ ਦੇ ਮਾਮਲੇ ਦੀ ਜਾਂਚ ’ਚ ਸਹਿਯੋਗ ਨਹੀਂ ਕਰਦੇ ਤਾਂ ਉਨ੍ਹਾਂ ਨੂੰ ਗਿ੍ਰਫ਼ਤਾਰ ਕੀਤਾ ਜਾ ਸਕਦਾ ਹੈ। ਗੁਪਤ ਜਾਣਕਾਰੀ ਲੀਕ ਮਾਮਲੇ ਨੂੰ ਸਿਫਰ (ਗੁਪਤ ਸੰਚਾਰ) ਮਾਮਲੇ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਗ੍ਰਹਿ ਮੰਤਰੀ ਦੀ ਇਹ ਚਿਤਾਵਨੀ ਇਮਰਾਨ ਖ਼ਾਨ ਦੇ ਸਾਬਕਾ ਨਜ਼ਦੀਕੀ ਵੱਲੋਂ ਉਨ੍ਹਾਂ ’ਤੇ ਸਿਆਸੀ ਉਦੇਸ਼ ਨਾਲ ਗੁਪਤ ਸੰਚਾਰ ਦੀ ਵਰਤੋਂ ਕਰਵਾਉਣ ਦਾ ਦੋਸ਼ ਲਗਾਉਣ ਦੇ ਇਕ ਦਿਨ ਬਾਅਦ ਆਈ। ਖ਼ਾਨ ਦੇ ਸਾਬਕਾ ਮੁੱਖ ਸਕੱਤਰ ਆਜ਼ਮ ਖ਼ਾਨ ਦੇ ਇਕਬਾਲੀਆ ਬਿਆਨ ਦਾ ਜ਼ਿਕਰ ਕਰਦਿਆਂ ਗ੍ਰਹਿ ਮੰਤਰੀ ਨੇ ਸਾਬਕਾ ਪੀਐੱਮ ’ਤੇ ਹਮਲਾ ਬੋਲਿਆ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਸਨਾਉੱਲਾਹ ਨੇ ‘ਸਿਫਰ’ ਦੇ ਪਿੱਛੇ ਦੀ ਕਹਾਣੀ ਨੂੰ ਮਨਘੜਤ ਦੱਸਿਆ ਸੀ ਤੇ ਦਾਅਵਾ ਕੀਤਾ ਸੀ ਕਿ ਖ਼ਾਨ ਨੇ ਅਪਰਾਧ ਕੀਤਾ ਹੈ। ਸੰਘੀ ਜਾਂਚ ਏਜੰਸੀ ਨੇ ਨੋਟਿਸ ਜਾਰੀ ਕਰ ਕੇ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਮੁਖੀ ਨੂੰ ‘ਸਿਫਰ’ ਜਾਂਚ ਮਾਮਲੇ ’ਚ 25 ਜੁਲਾਈ ਨੂੰ ਦਫ਼ਤਰ ’ਚ ਪੇਸ਼ ਹੋਣ ਨੂੰ ਕਿਹਾ ਹੈ।
ਵਕੀਲ ਦੀ ਹੱਤਿਆ ਮਾਮਲੇ ’ਚ ਇਮਰਾਨ 24 ਨੂੰ ਤਲਬ
ਪਾਕਿਸਤਾਨੀ ਸੁਪਰੀਮ ਕੋਰਟ ਨੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਅਬਦੁਲ ਰੱਜ਼ਾਕ ਸ਼ਾਰ ਦੀ ਹੱਤਿਆ ਦੇ ਮਾਮਲੇ ’ਚ ਪੀਟੀਆਈ ਮੁਖੀ ਇਮਰਾਨ ਖ਼ਾਨ ਨੂੰ 24 ਜੁਲਾਈ ਨੂੰ ਤਲਬ ਕੀਤਾ ਹੈ। ਖ਼ਾਨ ਦੀ ਪਟੀਸ਼ਨ ’ਤੇ ਜਸਟਿਸ ਯਾਹੀਆ ਖ਼ਾਨ ਅਫ਼ਰੀਦੀ ਦੀ ਪ੍ਰਧਾਨਗੀ ਵਾਲਾ ਤਿੰਨ ਮੈਂਬਰੀ ਬੈਂਚ ਸੁਣਵਾਈ ਕਰੇਗਾ।
ਨੌਂ ਮਈ ਦੀ ਹਿੰਸਾ ’ਚ ਹੋਇਆ 250 ਕਰੋੜ ਦਾ ਨੁਕਸਾਨ
ਪਾਕਿਸਤਾਨ ਦੇ ਅਟਾਰਨੀ ਜਨਰਲ ਮਨਸੂਰ ਅਵਾਨ ਨੇ ਬੁੱਧਵਾਰ ਨੂੰ ਸੁਪਰੀਮ ਕੋਰਟ ਨੂੰ ਦੱਸਿਆ ਕਿ ਬੀਤੀ ਨੌਂ ਮਈ ਨੂੰ ਹਿੰਸਾ ’ਚ ਪਾਕਿਸਤਾਨ ਨੂੰ 250 ਕਰੋੜ ਦਾ ਨੁਕਸਾਨ ਹੋਇਆ। ਇਸ ’ਚ ਫ਼ੌਜੀ ਅਦਾਰਿਆਂ ਦਾ 190 ਕਰੋੜ ਦਾ ਨੁਕਸਾਨ ਵੀ ਸ਼ਾਮਲ ਹੈ।