ਵੱਖਵਾਦੀ ਗੁਰਪਤਵੰਤ ਸਿੰਘ ਪੰਨੂ ਦੀ ਹੱਤਿਆ ਦੀ ਸਾਜ਼ਿਸ਼ ਦੇ ਮਾਮਲੇ ’ਚ ਨਿਊਯਾਰਕ ਦੀ ਅਦਾਲਤ ਨੇ ਸਰਕਾਰ ਨੂੰ ਨਿਖਿਲ ਗੁਪਤਾ ਨੂੰ ਉਨ੍ਹਾਂ ਸਬੂਤਾਂ ਦੀ ਜਾਣਕਾਰੀ ਦੇਣ ਨੂੰ ਕਿਹਾ ਹੈ, ਜਿਨ੍ਹਾਂ ਦੇ ਆਧਾਰ ’ਤੇ ਉਸ ਨੂੰ ਮੁਲਜ਼ਮ ਬਣਾਇਆ ਗਿਆ ਹੈ। ਪੰਨੂ ਅਮਰੀਕੀ ਨਾਗਰਿਕ ਹੈ ਤੇ ਉੱਥੋਂ ਹੀ ਖ਼ਾਲਿਸਤਾਨ ਸਬੰਧੀ ਗਤੀਵਿਧੀਆਂ ਚਲਾਉਂਦਾ ਹੈ। ਅਦਾਲਤ ’ਚ ਨਿਖਿਲ ਗੁਪਤਾ ਦੇ ਵਕੀਲ ਨੇ ਆਪਣੇ ਮੁਵੱਕਲ ’ਤੇ ਲੱਗੇ ਦੋਸ਼ਾਂ ਦੇ ਸਬੰਧ ’ਚ ਸਬੂਤਾਂ ਦੀ ਜਾਣਕਾਰੀ ਮੰਗੀ ਹੈ, ਜਿਸ ਨਾਲ ਉਹ ਉਸ ਦਾ ਬਚਾਅ ਕਰ ਸਕੇ। ਅਮਰੀਕਾ ਦੇ ਜ਼ਿਲ੍ਹਾ ਜੱਜ ਵਿਕਟਰ ਮਾਰੇਰੋ ਨੇ ਅਮਰੀਕੀ ਸਰਕਾਰ ਨੂੰ ਦਿੱਤੇ ਹੁਕਮ ’ਚ ਤਿੰਨ ਦਿਨਾਂ ਅੰਦਰ ਸਬੂਤਾਂ ਦੀ ਜਾਣਕਾਰੀ ਗੁਪਤਾ ਦੇ ਵਕੀਲ ਨੂੰ ਦੇਣ ਲਈ ਕਿਹਾ ਹੈ। 52 ਸਾਲਾ ਗੁਪਤਾ ’ਤੇ ਦੋਸ਼ ਹਨ ਕਿ ਉਸ ਨੇ ਪੰਨੂ ਦੀ ਹੱਤਿਆ ਕਰਵਾਉਣ ਲਈ ਸੁਪਾਰੀ ਲਈ ਸੀ। ਅਦਾਲਤ ’ਚ ਪੇਸ਼ ਮਾਮਲੇ ’ਚ ਦੱਸਿਆ ਗਿਆ ਹੈ ਕਿ ਗੁਪਤਾ ਜਦੋਂ ਹੱਤਿਆ ਲਈ ਅਪਰਾਧੀ ਦੀ ਤਲਾਸ਼ ਕਰ ਰਿਹਾ ਸੀ ਤਾਂ ਸਾਜ਼ਿਸ਼ ਤੋਂ ਪਰਦਾ ਉੱਠ ਗਿਆ। ਇਹ ਦੋਸ਼ ਸਾਬਤ ਹੋਣ ’ਤੇ ਗੁਪਤਾ ਨੂੰ ਦਸ ਸਾਲ ਦੀ ਸਜ਼ਾ ਹੋ ਸਕਦੀ ਹੈ। ਅਮਰੀਕਾ ਦੀ ਗੁਜ਼ਾਰਿਸ਼ ’ਤੇ ਚੈੱਕ ਗਣਰਾਜ ਨੇ ਗੁਪਤਾ ਨੂੰ 30 ਜੂਨ, 2023 ਨੂੰ ਗ੍ਰਿਫ਼ਤਾਰ ਕੀਤਾ ਸੀ।