PreetNama
ਖਾਸ-ਖਬਰਾਂ/Important News

ਕੈਨੇਡਾ ‘ਚ ਅੰਤਰਰਾਸ਼ਟਰੀ ਵਿਦਿਆਰਥੀਆਂ ਵਿਚ ਵਧ ਰਹੇ ਖ਼ੁਦਕਸ਼ੀਆਂ ਦੇ ਮਾਮਲੇ, ਭਾਰਤ ਭੇਜਣ ਵਾਲੀਆਂ ਲਾਸ਼ਾਂ ਦੀ ਗਿਣਤੀ ‘ਚ ਹੋਇਆ ਵਾਧਾ

ਟੋਰਾਂਟੋ ਦੇ ਇੱਕ ਫ਼ਿਊਨਰਲ ਹੋਮ ਦਾ ਕਹਿਣਾ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਦੀਆਂ ਮੌਤਾਂ ਵਿਚ ਹੋ ਰਿਹਾ ਵਾਧਾ, ਨੌਜਵਾਨਾਂ ਨੂੰ ਦਰਪੇਸ਼ ਮਾਨਸਿਕ ਸਿਹਤ ਚੁਣੌਤੀਆਂ ਦੇ ਮੁੱਦੇ ਨੂੰ ਉਜਾਗਰ ਕਰਦਾ ਹੈ ਅਤੇ ਇਹ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਹੈ। ਟੋਰਾਂਟੋ ਦੇ ਈਟੋਬਿਕੋ ਵਿਚ ਸਥਿਤ, ਲੋਟਸ ਫ਼ਿਊਨਰਲ ਐਂਡ ਕ੍ਰੈਮੇਸ਼ਨ ਸੈਂਟਰ ਅਨੁਸਾਰ ਭਾਰਤ ਭੇਜੀਆਂ ਜਾਣ ਵਾਲੀਆਂ ਨੌਜਵਾਨ ਦੇਹਾਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ ਅਤੇ ਸੈਂਟਰ ਦਾ ਮੰਨਣਾ ਹੈ ਕਿ ਇਨ੍ਹਾਂ ਵਿਚੋਂ ਕੁਝ ਮੌਤਾਂ ਆਤਮ-ਹੱਤਿਆ ਦਾ ਨਤੀਜਾ ਹਨ।

ਲੋਟਸ ਫ਼ਿਊਨਰਲ ਕਈ ਸਾਲਾਂ ਤੋਂ ਭਾਰਤੀ ਕੌਂਸਲੇਟ ਜਨਰਲ ਜਾਂ ਭਾਈਚਾਰੇ ਦੇ ਹੋਰ ਮੈਂਬਰਾਂ ਦੀ ਬੇਨਤੀ ‘ਤੇ ਪੂਰੇ ਕੈਨੇਡਾ ਤੋਂ ਭਾਰਤੀ ਨਾਗਰਿਕਾਂ ਦੇ ਅਵਸ਼ੇਸ਼ਾਂ/ਦੇਹਾਂ ਨੂੰ ਵਾਪਸ ਭੇਜ ਰਿਹਾ ਹੈ। ਇੱਕ ਮਹੀਨੇ ਵਿਚ ਵੱਧ ਤੋਂ ਵੱਧ ਦੋ ਮਾਮਲੇ ਹੋਇਆ ਕਰਦੇ ਸਨ ਜਿਨ੍ਹਾਂ ਵਿਚ ਵਿਦਿਆਰਥੀ ਅਤੇ ਵਰਕ ਪਰਮਿਟ ਲੈ ਚੁੱਕੇ, ਦੋਵੇਂ ਹੁੰਦੇ ਸਨ। ਪਰ ਪਿਛਲੇ ਸਾਲ ਤੋਂ ਇਹ ਗਿਣਤੀ ਦੁੱਗਣੀ ਤੋਂ ਵੀ ਵਧ ਗਈ ਹੈ। ਹੁਣ ਹਰ ਮਹੀਨੇ ਕਰੀਬ 4 ਤੋਂ 5 ਜਣਿਆਂ ਦੀਆਂ ਦੇਹਾਂ ਭਾਰਤ ਵਾਪਸ ਭੇਜੀਆਂ ਜਾਂਦੀਆਂ ਹਨ। ਕਿਸੇ ਮਹੀਨੇ ਤਾਂ 7 ਵੀ ਭੇਜੀਆਂ ਗਈਆਂ ਸਨ। ਭਾਰਤ ਭੇਜੀਆਂ ਗਈਆਂ ਦੇਹਾਂ ਦੇ ਸਾਲਾਨਾ ਅੰਕੜੇ, ਜਿਨ੍ਹਾਂ ਵਿਚ ਜ਼ਿਆਦਾਤਰ ਲੋਕ ਨੌਜਵਾਨ ਸਨ।

ਫ਼ਿਊਨਰਲ ਹੋਮ ਦੇ ਵਰਕਰਾਂ ਦਾ ਕਹਿਣਾ ਹੈ ਕਿ ਉਹ ਕਈ ਵਾਰੀ ਲਾਸ਼ਾਂ ‘ਤੇ ਮੌਜੂਦ ਨਿਸ਼ਾਨਾਂ ਨੂੰ ਵੇਖ ਕੇ ਬਹੁਤ ਪਰੇਸ਼ਾਨ ਹੋ ਜਾਂਦੇ ਹਨ। ਕਮਲ ਭਾਰਦਵਾਜ ਨੇ ਕਿਹਾ ਕਿ ਕਈ ਵਾਰੀ ਲਾਸ਼ ਦੀ ਗਰਦਨ ਉੱਪਰ ਫੰਦੇ ਦਾ ਨਿਸ਼ਾਨ ਹੁੰਦਾ ਹੈ, ਜਿਸ ਨਾਲ ਸਾਨੂੰ ਲੱਗਦਾ ਹੈ ਕਿ ਮ੍ਰਿਤਕ ਨੇ ਖ਼ੁਦਕਸ਼ੀ ਕੀਤੀ ਹੋ ਸਕਦੀ ਹੈ। ਹਾਲਾਂਕਿ ਫੰਦੇ ਦੇ ਨਿਸ਼ਾਨ ਹੋਰ ਘਟਨਾਵਾਂ ਕਰਕੇ ਵੀ ਹੋ ਸਕਦੇ ਹਨ, ਪਰ ਫ਼ਿਊਨਰਲ ਹੋਮ ਵਰਕਰਾਂ ਦਾ ਕਹਿਣਾ ਹੈ ਕਿ ਕਈ ਹੋਰ ਮਾਮਲਿਆਂ ਵਿਚ ਡੁੱਬਣ ਜਾਂ ਨਸ਼ੇ ਦੀ ਓਵਰਡੋਜ਼ ਦੇ ਲੱਛਣ ਨਜ਼ਰ ਆਉਂਦੇ ਹਨ, ਜੋਕਿ ਖ਼ੁਦਕਸ਼ੀ ਦਾ ਵੀ ਸੰਕੇਤ ਹੋ ਸਕਦੇ ਹਨ।

ਫ਼ਿਊਨਰਲ ਹੋਮ ਵਰਕਰ ਪ੍ਰਾਈਵੇਸੀ ਕਾਰਨਾਂ ਕਰਕੇ ਮੌਤ ਦੇ ਸਹੀ ਕਾਰਨ ਨਹੀਂ ਦੱਸ ਸਕੇ, ਪਰ ਉਹਨਾਂ ਨੇ ਸੀਬੀਸੀ ਨਿਊਜ਼ ਨੂੰ ਦੱਸਿਆ ਕਿ ਵਿਦਿਆਰਥੀਆਂ ਅਤੇ ਹੋਰ ਨੌਜਵਾਨ ਭਾਰਤੀਆਂ ਵਿੱਚ ਪ੍ਰਤੀ ਮਹੀਨਾ ਸਿਰਫ ਇੱਕ ਜਾਂ ਦੋ ਮੌਤਾਂ ਕੁਦਰਤੀ ਕਾਰਨਾਂ ਕਰਕੇ ਹੋਈਆਂ ਹੁੰਦੀਆਂ ਹਨ। ਬਾਕੀ ਦੀਆਂ ਮੌਤਾਂ ਸੜਕ ਹਾਦਸਿਆਂ, ਖ਼ੁਦਕਸ਼ੀਆਂ, ਡਰੱਗ ਓਵਰਡੋਜ਼ ਜਾਂ ਹੋਰ ਕਾਰਨਾਂ ਕਰਕੇ ਹੋਈਆਂ ਹੁੰਦੀਆਂ ਹਨ।

ਵਿਦਿਆਰਥੀ ਅਤੇ ਵਕਾਲਤ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਉਹ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਅਤੇ ਖ਼ੁਦਕਸ਼ੀ ਦੀ ਵਧ ਰਹੀ ਦਰ ਬਾਰੇ ਬਹੁਤ ਚਿੰਤਤ ਹਨ। ਉਨ੍ਹਾਂ ਕਿਹਾ ਕਿ ਕੈਨੇਡਾ ਵਿਚ ਭਾਰਤ ਤੋਂ ਆਉਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਵਧ ਰਹੀ ਹੈ, ਇਸ ਕਰਕੇ ਖ਼ਾਸ ਤੌਰ ‘ਤੇ ਇਸ ਮੁੱਦੇ ਨੂੰ ਤਵੱਜੋ ਤੇ ਕਾਰਵਾਈ ਦੀ ਜ਼ਰੂਰਤ ਹੈ।

Related posts

Apex court protects news anchor from arrest for interviewing Bishnoi in jail

On Punjab

Pakistan economic crisis: ਪਾਕਿਸਤਾਨ ਦੇ ਹਾਲਾਤ ਦੇਖਦਿਆਂ ਹੌਂਡਾ ਨੇ ਲਿਆ ਇਹ ਵੱਡਾ ਫ਼ੈਸਲਾ

On Punjab

ਜੰਮੂ ਕਸ਼ਮੀਰ ਵਿੱਚ ਫਸੇ ਪੰਜਾਬੀਆਂ ਨੂੰ ਸਹੀ ਸਲਾਮਤ ਵਾਪਸ ਲਿਆਵੇਗੀ ਸਰਕਾਰ: ਭਗਵੰਤ ਮਾਨ

On Punjab