: ਭਾਰਤ ਅਤੇ ਮੇਜ਼ਬਾਨ ਆਸਟ੍ਰੇਲੀਆ ਵਿਚਕਾਰ ਚਾਰ ਮੈਚਾਂ ਦੀ ਟੈਸਟ ਸੀਰੀਜ਼ ਦਾ ਆਖ਼ਰੀ ਮੁਕਾਬਲਾ ਅੱਜ ਖੇਡਿਆ ਗਿਆ। ਗਾਬਾ ‘ਚ ਖੇਡੇ ਜਾ ਰਹੇ ਇਸ ਫ਼ੈਸਲਾਕੁੰਨ ਮੈਚ ‘ਚ ਭਾਰਤ ਨੇ ਜਿੱਤ ਹਾਸਲ ਕੀਤੀ ਤੇ 4 ਮੈਚਾਂ ਦੀ ਬਾਰਡਰ-ਗਾਵਸਕਰ ਸੀਰੀਜ਼ ਨੂੰ 2-1 ਨਾਲ ਆਪਣੇ ਨਾਂ ਕੀਤਾ।
ਮੰਗਲਵਾਰ 19 ਜਨਵਰੀ ਨੂੰ ਚੌਥੇ ਟੈਸਟ ਮੈਚ ਦਾ ਆਖ਼ਰੀ ਦਿਨ ਸੀ। ਭਾਰਤੀ ਟੀਮ ਸਾਹਮਣੇ ਜਿੱਤ ਲਈ 328 ਦੌੜਾਂ ਦਾ ਟੀਚਾ ਸੀ। ਇਸ ਦਾ ਪਿੱਛਾ ਕਰਦੇ ਹੋਏ ਭਾਰਤ ਨੇ ਸ਼ੁੱਭਮਨ ਗਿੱਲ, ਚੇਤੇਸ਼ਵਰ ਪੁਜਾਰਾ ਤੇ ਰਿਸ਼ਭ ਪੰਤ ਦੇ ਅਰਧ ਸੈਂਕੜੇ ਦੇ ਦਮ ‘ਤੇ 97 ਓਵਰਾਂ ‘ਚ 7 ਵਿਕਟਾਂ ਗੁਆ ਕੇ 328 ਦੌੜਾਂ ਬਣਾਈਆਂ ਤੇ ਮੁਕਾਬਲਾ 3 ਵਿਕਟਾਂ ਨਾਲ ਜਿੱਤ ਲਿਆ।
ਇਸ ਮੁਕਾਬਲੇ ਦੀ ਗੱਲ ਕਰੀਏ ਤਾਂ ਮੇਜ਼ਬਾਨ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 369 ਦੌੜਾਂ ਬਣਾਈਆਂ ਸਨ, ਜਿਸ ਵਿਚ ਮਾਰਨਸ ਲਾਬੁਸ਼ਾਨੇ ਦਾ ਸੈਂਕੜਾ ਸ਼ਾਮਲ ਸੀ। ਇਸ ਦੇ ਜਵਾਬ ‘ਚ ਪਹਿਲੀ ਪਾਰੀ ‘ਚ ਭਾਰਤ ਨੇ ਸ਼ਾਰਦੁਲ ਠਾਕੁਰ ਤੇ ਵਾਸ਼ਿੰਗਟਨ ਸੁੰਦਰ ਦੇ ਅਰਧ ਸੈਂਕੜਿਆਂ ਦੇ ਦਮ ‘ਤੇ 336 ਦੌੜਾਂ ਬਣਾਈਆਂ ਸਨ। ਉੱਥੇ ਹੀ ਦੂਸਰੀ ਪਾਰੀ ‘ਚ 33 ਦੌੜਾਂ ਦੀ ਬੜਤ ਲੈਣ ਤੋਂ ਬਾਅਦ ਕਂਗਾਰੂ ਟੀਮ ਨੇ 294 ਦੌੜਾਂ ਬਣਾਈਆਂ। ਇਸ ਤਰ੍ਹਾਂ ਭਾਰਤੀ ਟੀਮ ਨੂੰ 328 ਦੌੜਾਂ ਦਾ ਟੀਚਾ ਮਿਲਿਆ। ਚੌਥੇ ਦਿਨ ਦੀ ਖੇਡ ਖ਼ਤਮ ਹੋਣ ਤਕ ਭਾਰਤ ਨੇ 4 ਦੌੜਾਂ ਬਣਾਈਆਂ ਸਨ।
ਭਾਰਤ ਦੀ ਦੂਸਰੀ ਪਾਰੀ, ਗਿੱਲ ਪੁਜਾਰਾ ਤੇ ਪੰਤ ਦਾ ਅਰਧ ਸੈਂਕੜਾ
328 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉੱਤਰੀ ਭਾਰਤੀ ਟੀਮ ਨੂੰ ਪਹਿਲਾ ਝਟਕਾ ਉਪ-ਕਪਤਾਨ ਰੋਹਿਤ ਸ਼ਰਮਾ ਦੇ ਰੂਪ ‘ਚ ਲੱਗਾ ਜਿਹੜਾ ਪੰਜਵੇਂ ਦਿਨ ਜ਼ਿਆਦਾ ਬੱਲੇਬਾਜ਼ੀ ਨਹੀਂ ਕਰ ਸਕੇ। ਉਨ੍ਹਾਂ ਨੂੰ 7 ਦੌੜਾਂ ਦੇ ਨਿੱਜੀ ਸਕੋਰ ‘ਤੇ ਪੈਟ ਕਮਿੰਸ ਨੇ ਟੀਮ ਪੇਨ ਦੇ ਹੱਥੋਂ ਕੈਚ ਆਊਟ ਕਰਵਾਇਆ। ਉੱਥੇ ਹੀ ਸ਼ੁਭਮਨ ਗਿੱਲ ਨੇ ਚੇਤੇਸ਼ਵਰ ਪੁਜਾਰਾ ਦੇ ਨਾਲ ਪਬਾਰੀ ਨੂੰ ਅੱਗੇ ਵਧਾਇਆ ਤੇ ਦੌਰੇ ‘ਤੇ ਦੂਸਰਾ ਅਰਧ ਸੈਂਕੜਾ ਜੜਿਆ। ਉਨ੍ਹਾਂ ਨੇ 90 ਗੇਂਦਾਂ ‘ਚ ਆਪਣੀ ਫਿਫਟੀ ਪੂਰੀ ਕੀਤੀ।
ਸ਼ੁਭਮਨ ਗਿੱਲ ਆਪਣੇ ਕੌਮਾਂਤਰੀ ਕਰੀਅਰ ਦਾ ਪਹਿਲਾ ਸੈਂਕੜਾ ਲਗਾਉਣ ਤੋਂ ਖੁੰਝ ਗਏ। ਗਾਬਾ ਟੈਸਟ ਮੈਚ ਦੀ ਦੂਸਰੀ ਪਾਰੀ ‘ਚ ਉਹ 91 ਦੌੜਾਂ ਬਣਾ ਕੇ ਨਾਥਨ ਲਿਓਨ ਦੇ ਸ਼ਿਕਾਰ ਬਣੇ। ਭਾਰਤ ਨੂੰ ਤੀਸਰਾ ਝਟਕਾ ਕਪਤਾਨ ਅਜਿੰਕੇ ਰਹਾਣੇ ਦੇ ਰੂਪ ‘ਚ ਲੱਗਾ ਜਿਹੜਾ 22 ਗੇਂਦਾਂ ‘ਚ 24 ਦੌੜਾਂ ਦੀ ਤੇਜ਼ ਪਾਰੀ ਖੇਡ ਕੇ ਪੈਟ ਕਮਿੰਸ ਦੀ ਗੇਂਦ ‘ਤੇ ਟਿਮ ਪੇਨ ਦੇ ਹੱਥੋਂ ਕੈਚ ਆਊਟ ਹੋਏ। ਚੇਤੇਸ਼ਵਰ ਪੁਜਾਰਾ ਨੇ 196 ਗੇਂਦਾਂ ‘ਤੇ ਸੀਰੀਜ਼ ਦੀ ਤੀਸਰੀ ਫਿਫਟੀ ਪੂਰੀ ਕੀਤੀ।
ਚੇਤੇਸ਼ਵਰ ਪੁਜਾਰਾ ਦੇ ਰੂਪ ‘ਚ ਭਾਰਤ ਨੂੰ ਚੌਥਾ ਝਟਕਾ ਲੱਗਿਆ ਜੋ 211 ਗੇਂਦਾਂ ‘ਚ 56 ਦੌੜਾਂ ਬਣਾ ਕੇ ਪੈਟ ਕਮਿੰਸ ਦੀ ਗੇਂਦ ‘ਤੇ LBW ਆਊਟ ਹੋ ਗਏ। ਭਾਰਤ ਲਈ ਚੌਥੀ ਪਾਰੀ ‘ਚ ਤੀਸਰਾ ਅਰਧ ਸੈਂਕੜਾ ਰਿਸ਼ਭ ਪੰਤ ਨੇ ਜੜਿਆ। ਉਨ੍ਹਾਂ ਨੇ 100 ਗੇਂਦਾਂ ‘ਚ ਅਰਧ-ਸੈਂਕੜਾ ਪੂਰਾ ਕੀਤਾ। ਮਯੰਕ ਅੱਗਰਵਾਲ ਦੇ ਤੌਰ ‘ਤੇ ਭਾਰਤ ਨੂੰ ਪੰਜਵਾਂ ਝਟਕਾ ਲੱਗਿਆ, ਜੋ 15 ਗੇਂਦਾਂ ‘ਚ 9 ਦੌੜਾਂ ਬਣਾ ਕੇ ਪੈਟ ਕਮਿੰਸ ਦੀ ਗੇਂਦ ‘ਤੇ ਮੈਥਿਊ ਵੈੱਡ ਦੇ ਹੱਥੋਂ ਕੈਚ ਆਊਟ ਹੋ ਗਏ।
previous post