India vs Bangladesh test: ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਦੋ ਟੈਸਟ ਮੈਚਾਂ ਦੀ ਸੀਰੀਜ਼ ਦਾ ਪਹਿਲਾ ਟੈਸਟ ਮੈਚ ਇੰਦੌਰ ਦੇ ਹੋਲਕਰ ਕ੍ਰਿਕਟ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ । ਇਸ ਮੁਕਾਬਲੇ ਦੇ ਪਹਿਲੇ ਦਿਨ ਪਹਿਲਾਂ ਬੱਲੇਬਾਜ਼ੀ ਕਰਨ ਆਈ ਬੰਗਲਾਦੇਸ਼ ਦੀ ਟੀਮ ਨੂੰ ਭਾਰਤ ਨੇ 150 ਦੌੜਾਂ ਦੇ ਨਿੱਜੀ ਸਕੋਰ ‘ਤੇ ਆਲਆਊਟ ਕਰ ਦਿੱਤਾ ਹੈ । ਜਿਸ ਤੋ ਬਾਅਦ ਹੁਣ ਭਾਰਤ ਵੱਲੋਂ ਆਪਣੀ ਪਹਿਲੀ ਪਾਰੀ ਦਾ ਆਗਾਜ਼ ਕਰ ਲਿਆ ਗਿਆ ਹੈ । ਇਸ ਮੁਕਾਬਲੇ ਵਿੱਚ ਬੰਗਲਾਦੇਸ਼ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਲਿਆ । ਭਾਰਤ ਨੂੰ ਗੇਂਦਬਾਜ਼ੀ ਕਰਦੇ ਹੋਏ ਪਹਿਲੀ ਸਫਲਤਾ ਬੱਲਾਬਜ਼ ਇਮਰੂਲ ਦੇ ਰੂਪ ਵਿੱਚ ਮਿਲੀ, ਜੋ 6 ਦੌੜਾਂ ਦੇ ਨਿੱਜੀ ਸਕੋਰ ‘ਤੇ ਆਊਟ ਹੋ ਗਏ । ਇਸ ਤੋਂ ਬਾਅਦ ਭਾਰਤ ਨੂੰ ਦੂਜੀ ਸਫਲਤਾ ਬੱਲੇਬਾਜ਼ ਸ਼ਾਦਮਾਨ ਇਸਲਾਮ 6 ਦੌੜਾਂ ਦੇ ਨਿੱਜੀ ਸਕੋਰ ‘ਤੇ ਪਵੇਲੀਅਨ ਪਰਤ ਗਿਆ ।
ਇਸ ਤੋਂ ਬਾਅਦ ਮੁਹੰਮਦ ਮਿਥੁਨ 13 ਦੌੜਾਂ ਦੇ ਨਿੱਜੀ ਸਕੋਰ ‘ਤੇ ਆਊਟ ਹੋ ਗਿਆ । ਮਿਥੁਨ ਨੂੰ ਮੁਹੰਮਦ ਸ਼ੰਮੀ ਵੱਲੋਂ lbw ਆਊਟ ਕੀਤਾ ਗਿਆ । ਇਸ ਤੋਂ ਬਾਅਦ ਬੰਗਲਾਦੇਸ਼ ਦੇ ਬੱਲੇਬਾਜ਼ ਕੁਝ ਖਾਸ ਨਾ ਕਰ ਸਕੇ । ਇਸ ਮੁਕਾਬਲੇ ਵਿੱਚ ਮੋਮੀਨੁਲ ਹੱਕ ਨੇ 37 ਦੌੜਾਂ, ਮਹਿਮਦੁੱਲ੍ਹਾ ਨੇ 10 ਦੌੜਾਂ, ਮੁਸ਼ਫਿਕੁਰ ਰਹੀਮ ਨੇ 43 ਦੌੜਾਂ, ਮੇਹਦੀ ਹਸਨ 0 ਦੇ ਸਕੋਰ ‘ਤੇ ਐੱਲ. ਬੀ. ਡਬਲਿਊ., ਲਿਟਨ ਦਾਸ 21 ਦੌੜਾਂ ਬਣਾ ਕੇ ਆਊਟ ਹੋ ਗਏ । ਜਿਸ ਤੋਂ ਬਾਅਦ ਬੰਗਲਾਦੇਸ਼ ਦੀ ਪਾਰੀ 150 ਦੌੜਾਂ ‘ਤੇ ਸਿਮਟ ਗਈ. ਜ਼ਿਕਰਯੋਗ ਹੈ ਕਿ ਭਾਰਤ ਨੇ ਰੋਹਿਤ ਸ਼ਰਮਾ ਦੀ ਅਗਵਾਈ ਵਿੱਚ 3 ਮੈਚਾਂ ਦੀ ਟੀ-20 ਸੀਰੀਜ਼ 2-1 ਨਾਲ ਜਿੱਤ ਕੇ ਆਪਣੇ ਨਾਂ ਕੀਤੀ ਸੀ । ਇਹ ਟੈਸਟ ਸੀਰੀਜ਼ ਦੋਵਾਂ ਟੀਮਾਂ ਲਈ ਬਹੁਤ ਅਹਿਮ ਹੈ ਕਿਉਂਕਿ ਉਹ ਪਹਿਲੀ ਵਾਰ ਡੇਅ-ਨਾਈਟ ਟੈਸਟ ਫਾਰਮੈੱਟ ਦੀ ਸ਼ੁਰੂਆਤ ਵੀ ਇਥੋਂ ਹੀ ਕਰਨ ਜਾ ਰਹੀਆਂ ਹਨ ।
ਲੰਮੇ ਅਰਸੇ ਤੋਂ ਡੇਅ-ਨਾਈਟ ਟੈਸਟ ਫਾਰਮੈੱਟ ਦਾ ਵਿਰੋਧ ਕਰ ਰਿਹਾ ਭਾਰਤ ਹਰ ਹਾਲ ਵਿੱਚ ਗੁਲਾਬੀ ਗੇਂਦ ਨਾਲ ਵੀ ਆਪਣੀ ਬਾਦਸ਼ਾਹਤ ਸਾਬਿਤ ਕਰਨੀ ਚਾਹੇਗਾ । ਜੇਕਰ ਇਸ ਮੁਕਾਬਲੇ ਵਿੱਚ ਭਾਰਤ ਜਿੱਤ ਦਰਜ ਕਰਦਾ ਹੈ ਤਾਂ ਉਸ ਦਾ ਅਗਲੇ ਮੈਚ ਤੋਂ ਪਹਿਲਾਂ ਹੌਸਲਾ ਉੱਚਾ ਜ਼ਰੂਰ ਹੋਵੇਗਾ । ਦੂਜੇ ਪਾਸੇ ਬੰਗਲਾਦੇਸ਼ੀ ਕਪਤਾਨ ਮੋਮਿਨੁਲ ਦਾ ਤਜਰਬਾ ਭਾਰਤੀ ਖਿਡਾਰੀਆਂ ਸਾਹਮਣੇ ਕਾਫੀ ਫਿੱਕਾ ਲੱਗਦਾ ਹੈ, ਜਿਨ੍ਹਾਂ ਨੇ ਹੁਣ ਤੱਕ ਆਪਣੇ ਕਰੀਅਰ ਦੇ 36 ਟੈਸਟਾਂ ਵਿਚ ਸਿਰਫ 2613 ਦੌੜਾਂ ਹੀ ਬਣਾਈਆਂ ਹਨ । ਜਿਸ ਵਿੱਚ ਸਿਰਫ 8 ਸੈਂਕੜੇ ਸ਼ਾਮਿਲ ਹਨ । ਉਥੇ ਹੀ ਭਾਰਤੀ ਕਪਤਾਨ ਵਿਰਾਟ ਕੋਹਲੀ ਦੇ ਨਾਂ 82 ਟੈਸਟਾਂ ਵਿਚ 7066 ਦੌੜਾਂ ਦਰਜ ਹਨ, ਜਿਨ੍ਹਾਂ ਵਿਚ 26 ਸੈਂਕੜੇ ਸ਼ਾਮਿਲ ਹਨ ।
ਪਹਿਲੇ ਟੈਸਟ ਮੈਚ ਵਿੱਚ ਭਾਰਤੀ ਟੀਮ ਵਿੱਚ ਮਯੰਕ ਅਗਰਵਾਲ, ਰੋਹਿਤ ਸ਼ਰਮਾ, ਚੇਤੇਸ਼ਵਰ ਪੁਜਾਰਾ, ਵਿਰਾਟ ਕੋਹਲੀ (ਕਪਤਾਨ), ਅਜਿੰਕਯ ਰਹਾਨੇ, ਰਵਿੰਦਰ ਜਡੇਜਾ, ਰਿਧੀਮਾਨ ਸਾਹਾ, ਰਵੀਚੰਦਰਨ ਅਸ਼ਵਿਨ, ਉਮੇਸ਼ ਯਾਦਵ, ਮੁਹੰਮਦ ਸ਼ੰਮੀ ਅਤੇ ਇਸ਼ਾਂਤ ਸ਼ਰਮਾ ਸ਼ਾਮਿਲ ਹਨ ।
ਜਦਕਿ ਬੰਗਲਾਦੇਸ਼ ਦੀ ਟੀਮ ਵਿੱਚ ਇਮਰੂਲ ਕਾਯੇਸ, ਸ਼ਾਦਮਾਨ ਇਸਲਾਮ, ਮੁਹੰਮਦ ਮਿਥੁਨ, ਮੋਮੀਨੁਲ ਹੱਕ (ਕਪਤਾਨ), ਮੁਸ਼ਫਿਕੁਰ ਰਹੀਮ, ਮਹਿਮੁਦੁੱਲ੍ਹਾ, ਲਿਟਨ ਦਾਸ , ਮੇਂਹਦੀ ਹਸਨ, ਤਾਜੁਲ ਇਸਲਾਮ, ਅਬੁ ਜਾਇਦ ਤੇ ਇਬਾਦਤ ਹੁਸੈਨ ਸ਼ਾਮਿਲ ਹਨ ।