ਹਾਕੀ ਵਿਸ਼ਵ ਕੱਪ ’ਚ ਭਾਰਤੀ ਟੀਮ ਨੇ ਸਪੇਨ ਖ਼ਿਲਾਫ਼ ਜਿੱਤ ਦੇ ਨਾਲ ਆਪਣੀ ਮੁਹਿੰਮ ਦੀ ਸ਼ੁਰੂਆਤ ਕੀਤੀ। ਸ਼ੁੱਕਰਵਾਰ ਨੂੰ ਬਿਰਸਾ ਮੁੰਡਾ ਹਾਕੀ ਸਟੇਡੀਅਮ ’ਚ ਖੇਡੇ ਗਏ ਮੁਕਾਬਲੇ ਦੌਰਾਨ ਹਾਰਦਿਕ ਤੇ ਅਮਿਤ ਰੂਹੀਦਾਸ ਦੇ ਗੋਲਾਂ ਦੀ ਬਦੌਲਤ ਭਾਰਤ ਨੇ ਸਪੇਨ ਨੂੰ 2-0 ਨਾਲ ਹਰਾਇਆ। ਗਰੁੱਪ ਡੀ ਦੇ ਆਪਣੇ ਪਹਿਲੇ ਮੁਕਾਬਲੇ ’ਚ ਜਿੱਤ ਤੋਂ ਬਾਅਦ ਭਾਰਤ ਨੇ ਤਿੰਨ ਅੰਕ ਹਾਸਲ ਕੀਤੇ। ਇਸ ਦੇ ਨਾਲ ਹੀ ਹੁਣ ਉਹ ਅੰਕ ਤਾਲਿਕਾ ’ਚ ਦੂਜੇ ਨੰਬਰ ’ਤੇ ਹੈ। ਗਰੁੱਪ ਡੀ ਦੇ ਇਕ ਹੋਰ ਮੁਕਾਬਲੇ ’ਚ ਇੰਗਲੈਂਡ ਨੇ ਵੇਲਜ਼ ਨੂੰ ਹਰਾਇਆ, ਪਰ ਪੰਜ ਗੋਲ ਦਾਗਣ ਕਾਰਨ ਹਾਲੇ ਉਹ ਗਰੁੱਪ ਦੇ ਸਿਖਰ ’ਤੇ ਹੈ।
ਮੁਕਾਬਲੇ ਦੌਰਾਨ ਭਾਰਤੀ ਕਪਤਾਨ ਹਰਮਨਪ੍ਰੀਤ ਸਿੰਘ ਇਸ ਫ਼ਰਕ ਨੂੰ ਵਧਾ ਸਕਦੇ ਸਨ, ਪਰ ਪੈਨਲਟੀ ਸਟ੍ਰੋਕ ’ਚ ਉਹ ਖੁੰਝ ਗਏ। ਟੀਮ ਲਈ ਪਹਿਲਾ ਗੋਲ ਪਹਿਲੇ ਕੁਆਰਟਰ ’ਚ ਆਇਆ। ਹਾਰਦਿਕ ਨੇ ਪੈਨਲਟੀ ਕਾਰਨਰ ਲਿਆ, ਜਿਸ ਨੂੰ ਹਰਮਨਪ੍ਰੀਤ ਨੇ ਡਰੈਗ ਫਲਿੱਕ ਕਰ ਕੇ ਗੋਲ ’ਚ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਗੇਂਦ ਨੂੰ ਸਪੇਨ ਦੇ ਖਿਡਾਰੀ ਨੇ ਰੋਕਿਆ ਪਰ ਗੇੇਂਦ ਰਿਬਾਊਂਡ ਹੋ ਕੇ ਵਾਪਸ ਭਾਰਤੀ ਸਟ੍ਰਾਈਕਰਜ਼ ਕੋਲ ਪੁੱਜ ਗਈ। ਇਸ ਵਾਰੀ ਅਮਿਤ ਰੂਹੀਦਾਸ ਨੇ ਕੋਈ ਗ਼ਲਤੀ ਨਹੀਂ ਕੀਤੀ ਤੇ ਟੀਮ ਨੂੰ ਬੜ੍ਹਤ ਦਿਵਾ ਦਿੱਤੀ। ਇਸ ਤੋਂ ਬਾਅਦ ਭਾਰਤੀ ਟੀਮ ਨੇ ਕਈ ਮੌਕੇ ਗੁਆਏ। ਹਾਲਾਂਕਿ, ਭਾਰਤ ਨੂੰ ਪਹਿਲੇ ਹਾਫ ਤੋਂ ਪਹਿਲਾਂ ਦੂਜੀ ਕਾਮਯਾਬੀ ਮਿਲ ਗਈ। 26ਵੇਂ ਮਿੰਟ ’ਚ ਹਾਰਦਿਕ ਸਿੰਘ ਨੇ ਸ਼ਾਨਦਾਰ ਗੋਲ ਕਰ ਕੇ ਭਾਰਤ ਨੂੰ 2-0 ’ਤੇ ਲਿਆ ਦਿੱਤਾ। ਉਨ੍ਹਾਂ ਦਾ ਇਹ ਗੋਲ ਫ਼ੈਸਲਾਕੁੰਨ ਰਿਹਾ।