Rohit Sharma ruled out: ਭਾਰਤੀ ਕ੍ਰਿਕਟ ਟੀਮ ਇਨ੍ਹੀਂ ਦਿਨੀਂ ਨਿਊਜ਼ੀਲੈਂਡ ਦੇ ਦੌਰੇ ‘ਤੇ ਹੈ । ਭਾਰਤ ਨੇ ਪੰਜ ਮੈਚਾਂ ਦੀ ਟੀ-20 ਕੌਮਾਂਤਰੀ ਲੜੀ ਵਿੱਚ 5-0 ਨਾਲ ਸਫ਼ਲਤਾ ਹਾਸਿਲ ਕੀਤੀ ਅਤੇ ਹੁਣ ਬੁੱਧਵਾਰ ਯਾਨੀ ਕਿ 5 ਫਰਵਰੀ ਤੋਂ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਸ਼ੁਰੂ ਹੋਣ ਵਾਲੀ ਹੈ, ਜਿਸ ਵਿਚ ਭਾਰਤ ਨੂੰ ਇੱਕ ਵੱਡਾ ਝਟਕਾ ਲੱਗਿਆ ਹੈ । ਦਰਅਸਲ, ਭਾਰਤੀ ਕ੍ਰਿਕਟ ਟੀਮ ਦੇ ਸਟਾਰ ਬੱਲੇਬਾਜ਼ ਰੋਹਿਤ ਸ਼ਰਮਾ ਵਨਡੇ ਅਤੇ ਟੈਸਟ ਸੀਰੀਜ਼ ਵਿਚੋਂ ਬਾਹਰ ਹੋ ਗਏ ਹਨ। ਪਿੰਜਣੀ ਵਿੱਚ ਸੱਟ ਲੱਗਣ ਕਾਰਨ ਰੋਹਿਤ ਵਨਡੇ ਤੇ ਟੈਸਟ ਟੀਮ ਦਾ ਹਿੱਸਾ ਨਹੀਂ ਹੋਣਗੇ ।
ਜ਼ਿਕਰਯੋਗ ਹੈ ਕਿ ਨਿਊਜ਼ੀਲੈਂਡ ਖਿਲਾਫ਼ ਪੰਜਵੇਂ ਅਤੇ ਆਖਰੀ ਟੀ -20 ਵਿਚ ਬੱਲੇਬਾਜ਼ੀ ਦੌਰਾਨ ‘ਹਿੱਟਮੈਨ’ ਰੋਹਿਤ ਸ਼ਰਮਾ ਜ਼ਖਮੀ ਹੋ ਗਿਆ ਸੀ । ਜਿਸ ਕਾਰਨ ਆਖਰੀ ਉਸਨੂੰ ਆਖਰੀ t-20 ਵਿੱਚ ਰਿਟਾਇਰ ਹਰਟ ਹੋ ਕੇ ਵਾਪਿਸ ਜਾਣਾ ਪਿਆ ਸੀ । ਦੱਸਿਆ ਜਾ ਰਿਹਾ ਹੈ ਕਿ ਵਨਡੇ ਟੀਮ ਵਿੱਚ ਮਯੰਕ ਅਗਰਵਾਲ ਰੋਹਿਤ ਸ਼ਰਮਾ ਦੀ ਜਗ੍ਹਾ ਲੈਣ ਵਾਲੇ ਤੀਜੇ ਸਲਾਮੀ ਬੱਲੇਬਾਜ਼ ਹੋਣਗੇ । ਸਫੈਦ ਗੇਂਦ ਦੇ ਫਾਰਮੈਟ ਵਿੱਚ ਮਯੰਕ ਅਗਰਵਾਲ ਦੀ ਚੋਣ ਇੱਕ ਤਰਕਪੂਰਨ ਫੈਸਲਾ ਹੈ, ਕਿਉਂਕਿ ਉਸਨੇ ਰਿਜ਼ਰਵ ਓਪਨਰ ਦੀ ਭੂਮਿਕਾ ਨਿਭਾਈ, ਜਦੋਂ ਸ਼ਿਖਰ ਧਵਨ ਵੈਸਟਇੰਡੀਜ਼ ਖਿਲਾਫ ਘਰੇਲੂ ਵਨਡੇ ਸੀਰੀਜ਼ ਦੌਰਾਨ ਗੋਡੇ ਦੀ ਸੱਟ ਕਾਰਨ ਬਾਹਰ ਹੋ ਗਿਆ ਸੀ ।
ਟੈਸਟ ਟੀਮ ਵਿੱਚ ਰੋਹਿਤ ਦੀ ਗੈਰਹਾਜ਼ਰੀ ਵਿੱਚ ਸ਼ੁਭਮਨ ਗਿੱਲ ਰਾਹੁਲ ਅਤੇ ਪ੍ਰਿਥਵੀ ਸ਼ਾਅ ਦੇ ਨਾਲ ਤੀਜੇ ਓਪਨਰ ਹੋਣਗੇ । ਇਸ ਸਬੰਧੀ ਬੀਸੀਸੀਆਈ ਦੇ ਸੂਤਰਾਂ ਵੱਲੋਂ ਇਸ ਬਾਰੇ ਜਾਣਕਾਰੀ ਦਿੱਤੀ ਗਈ ਹੈ, ਹਾਲਾਂਕਿ ਬੀਸੀਸੀਆਈ ਵੱਲੋਂ ਅਜੇ ਤੱਕ ਅਧਿਕਾਰਤ ਬਿਆਨ ਨਹੀਂ ਆਇਆ ਹੈ ।
ਦੱਸ ਦੇਈਏ ਕਿ ਇਸ ਮੈਚ ਵਿੱਚ ਸੱਟ ਲੱਗਣ ਤੋਂ ਬਾਅਦ ਰੋਹਿਤ ਸ਼ਰਮਾ ਫੀਲਡਿੰਗ ਲਈ ਵੀ ਨਹੀਂ ਉਤਰੇ ਸਨ,ਪਰ ਉਸਦੇ ਸਾਥੀ ਲੋਕੇਸ਼ ਰਾਹੁਲ ਨੇ ਟੀਮ ਇੰਡੀਆ ਦੀ ਕਪਤਾਨੀ ਕੀਤੀ ਗਈ । ਨਿਊਜ਼ੀਲੈਂਡ ਸੀਰੀਜ਼ ਲਈ ਰੋਹਿਤ ਸ਼ਰਮਾ ਅਤੇ ਸ਼ਿਖਰ ਧਵਨ ਦੋਨਾਂ ਨੂੰ ਸਲਾਮੀ ਬੱਲੇਬਾਜ਼ਾਂ ਦੇ ਰੂਪ ਵਿੱਚ ਚੁਣਿਆ ਗਿਆ ਸੀ । ਰੋਹਿਤ ਤੋਂ ਪਹਿਲਾਂ ਸ਼ਿਖਰ ਧਵਨ ਨੂੰ ਟੀ-20 ਅਤੇ ਵਨਡੇ ਸੀਰੀਜ਼ ਤੋਂ ਬਾਹਰ ਕਰ ਦਿੱਤਾ ਗਿਆ ਸੀ ਤੇ ਹੁਣ ਰੋਹਿਤ ਦੇ ਬਾਹਰ ਹੋਣ ਕਾਰਨ ਭਾਰਤ ਦੇ ਓਪਨਇੰਗ ਕੰਬੀਨੇਸ਼ਨ ਬਹੁਤ ਪ੍ਰਭਾਵਿਤ ਹੋਇਆ ਹੈ ।