India vs New Zealand 1st Test: ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ 2 ਟੈਸਟ ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੈਚ ਸ਼ੁੱਕਰਵਾਰ ਯਾਨੀ ਕਿ ਅੱਜ ਤੋਂ ਵੈਲਿੰਗਟਨ ਵਿੱਚ ਖੇਡਿਆ ਜਾਵੇਗਾ । ਦੋਵੇਂ ਟੀਮਾਂ 3 ਸਾਲਾਂ ਬਾਅਦ ਆਹਮੋ-ਸਾਹਮਣੇ ਹੋਣਗੀਆਂ. ਪਿਛਲੀ ਵਾਰ ਜਦੋਂ ਭਾਰਤੀ ਟੀਮ ਨੇ ਆਪਣੇ ਘਰ ਵਿੱਚ ਸਿਤੰਬਰ 2016 ਵਿੱਚ ਨਿਊਜ਼ੀਲੈਂਡ ਨੂੰ 3-0 ਨਾਲ ਕਲੀਨ ਸਵੀਪ ਕੀਤਾ ਸੀ. ਨਾਲ ਹੀ ਭਾਰਤੀ ਟੀਮ ਕੋਲ ਨਿਊਜ਼ੀਲੈਂਡ ਖਿਲਾਫ 12ਵੀਂ ਸੀਰੀਜ਼ ਜਿੱਤਣ ਦਾ ਮੌਕਾ ਹੈ । ਹੁਣ ਤੱਕ ਦੋਵੇਂ ਟੀਮਾਂ ਵਿਚਕਾਰ 20 ਸੀਰੀਜ਼ ਖੇਡੀਆਂ ਜਾ ਚੁੱਕੀਆਂ ਹਨ, ਜਿਸ ਵਿੱਚ ਭਾਰਤੀ ਟੀਮ 11 ਵਾਰ ਜਿੱਤੀ ਹੈ, ਜਦਕਿ 5 ਵਿੱਚ ਭਾਰਤੀ ਟੀਮ ਹਾਰ ਗਈ ਤੇ 4 ਸੀਰੀਜ਼ ਡਰਾਅ ਹੋ ਗਈਆਂ । ਭਾਰਤ ਨੇ ਹੁਣ ਤੱਕ ਕੀਵੀ ਟੀਮ ਖ਼ਿਲਾਫ਼ 57 ਵਿੱਚੋਂ 21 ਟੈਸਟ ਜਿੱਤੇ ਹਨ, ਜਦੋਂਕਿ 10 ਮੈਚਾਂ ਵਿੱਚ ਹਾਰੇ ਹਨ ।
ਇਸ ਸੀਰੀਜ਼ ਵਿੱਚ ਦੋਵੇਂ ਟੀਮਾਂ ਦੀ ਤਾਕਤ ਗੇਂਦਬਾਜ਼ੀ ਹੈ. ਭਾਰਤੀ ਟੀਮ ਵਿੱਚ ਜਿੱਥੇ ਜਸਪ੍ਰੀਤ ਬੁਮਰਾਹ, ਇਸ਼ਾਂਤ ਸ਼ਰਮਾ ਅਤੇ ਮੁਹੰਮਦ ਸ਼ਮੀ ਨਿਊਜ਼ੀਲੈਂਡ ਨੂੰ ਚੁਣੌਤੀ ਦੇਣਗੇ, ਉੱਥੇ ਹੀ ਨਿਊਜ਼ੀਲੈਂਡ ਦੀ ਟੀਮ ਵਿੱਚ ਟ੍ਰੇਂਟ ਬੋਲਟ ਦੀ ਵਾਪਸੀ ਵੀ ਉਤਸ਼ਾਹਜਨਕ ਹੈ । ਇਸ ਤੋਂ ਇਲਾਵਾ ਨੀਲ ਵੇਗਨਰ ਅਤੇ ਟਿਮ ਸਾਊਥੀ ਵੀ ਆਪਣੇ ਘਰੇਲੂ ਮੈਦਾਨ ‘ਤੇ ਬਹੁਤ ਘਾਤਕ ਸਾਬਿਤ ਹੋ ਸਕਦੇ ਹਨ ।
ਭਾਰਤੀ ਟੀਮ ਦੀ ਪਾਰੀ ਦੀ ਸ਼ੁਰੂਆਤ ਪ੍ਰਿਥਵੀ ਸ਼ਾਅ ਅਤੇ ਮਯੰਕ ਅਗਰਵਾਲ ਕਰਨਗੇ । ਮਯੰਕ ਨੇ ਆਸਟ੍ਰੇਲੀਆ ਅਤੇ ਵੈਸਟਇੰਡੀਜ਼ ਵਿੱਚ ਇੱਕ-ਇੱਕ ਟੈਸਟ ਸੀਰੀਜ਼ ਖੇਡੀ ਹੈ । ਸ਼ਾਅ ਦਾ ਇਹ ਪਹਿਲਾ ਵਿਦੇਸ਼ ਦੌਰਾ ਹੈ । ਅਜਿਹੀ ਸਥਿਤੀ ਵਿੱਚ ਸ਼ੁਰੂਆਤੀ ਜੋੜੀ ਟੀਮ ਇੰਡੀਆ ਦੀ ਮਜ਼ਬੂਤ ਤਾਕਤ ਨਹੀਂ ਹੈ, ਪਰ ਵਿਰਾਟ ਕੋਹਲੀ, ਚੇਤੇਸ਼ਵਰ ਪੁਜਾਰਾ, ਅਜਿੰਕਿਆ ਰਹਾਣੇ, ਹਨੁਮਾ ਵਿਹਾਰੀ ਮਿਡਲ ਆਰਡਰ ਨੂੰ ਮਜ਼ਬੂਤ ਕਰ ਰਹੇ ਹਨ, ਜਿਨ੍ਹਾਂ ਖਿਲਾਫ਼ ਨਿਊਜ਼ੀਲੈਂਡ ਦੇ ਗੇਂਦਬਾਜ਼ਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ।
ਨਿਊਜ਼ੀਲੈਂਡ ਦੀ ਟੀਮ ਵੀ ਰਾਸ ਟੇਲਰ, ਹੈਨਰੀ ਨਿਕੋਲਸ, ਕਪਤਾਨ ਕੇਨ ਵਿਲੀਅਮਸਨ, ਟੌਮ ਬਲੰਡਲ, ਵਾਟਲਿੰਗ ਟੀਮ ਨੂੰ ਮਜ਼ਬੂਤ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਆਸਟ੍ਰੇਲੀਆ ਖਿਲਾਫ਼ ਟੈਸਟ ਸੀਰੀਜ਼ ਵਿੱਚ ਕਲੀਨ ਸਵੀਪ ਕਰਨ ਤੋਂ ਬਾਅਦ ਟੀਮ ਦਾ ਵਿਸ਼ਵਾਸ ਕੁਝ ਹੱਦ ਤਕ ਡਿੱਗਿਆ ਹੋਇਆ ਹੈ । ਇਸ ਦੇ ਨਾਲ ਹੀ ਵਰਲਡ ਟੈਸਟ ਚੈਂਪੀਅਨਸ਼ਿਪ ਵਿੱਚ ਭਾਰਤੀ ਟੀਮ ਦਾ ਪਲੜਾ ਭਾਰੀ ਹੈ । ਇਸ ਸਮੇਂ ਜਿੱਥੇ ਭਾਰਤੀ ਟੀਮ 360 ਅੰਕਾਂ ਨਾਲ ਚੈਂਪੀਅਨਸ਼ਿਪ ਵਿੱਚ ਚੋਟੀ ‘ਤੇ ਹੈ, ਉੱਥੇ ਹੀ ਨਿਊਜ਼ੀਲੈਂਡ ਦੀ ਟੀਮ ਦੇ 60 ਅੰਕ ਹਨ ਅਤੇ ਉਹ ਛੇਵੇਂ ਸਥਾਨ ‘ਤੇ ਹੈ ।
ਇਸ ਮੁਕਾਬਲੇ ਵਿੱਚ ਭਾਰਤੀ ਟੀਮ ਵਿਰਾਟ ਕੋਹਲੀ (ਕਪਤਾਨ), ਮਯੰਕ ਅਗਰਵਾਲ, ਪ੍ਰਿਥਵੀ ਸ਼ਾ, ਸ਼ੁਭਮਨ ਗਿੱਲ, ਚੇਤੇਸ਼ਵਰ ਪੁਜਾਰਾ, ਅਜਿੰਕਿਆ ਰਹਾਣੇ (ਉਪ ਕਪਤਾਨ) ਹਨੁਮਾ ਵਿਹਾਰੀ, ਰਿਧੀਮਾਨ ਸਾਹਾ, ਰਿਸ਼ਭ ਪੰਤ, ਆਰ ਅਸ਼ਵਿਨ, ਰਵਿੰਦਰ ਜਡੇਜਾ, ਜਸਪ੍ਰੀਤ ਬੁਮਰਾਹ, ਉਮੇਸ਼ ਯਾਦਵ, ਮੁਹੰਮਦ ਸ਼ਮੀ, ਨਵਦੀਪ ਸੈਣੀ, ਇਸ਼ਾਂਤ ਸ਼ਰਮਾ ਸ਼ਾਮਿਲ ਹਨ, ਜਦਕਿ ਨਿਊਜ਼ੀਲੈਂਡ ਦੀ ਟੀਮ ਵਿੱਚ ਕੇਨ ਵਿਲੀਅਮਸਨ (ਕਪਤਾਨ), ਟੌਮ ਬਲੰਡਲ, ਟ੍ਰੇਂਟ ਬੋਲਟ, ਕੋਲਿਨ ਡੀ ਗ੍ਰੈਂਡਹੋਮ, ਕਾਈਲ ਜੈਮਿਸਨ, ਟੌਮ ਲਾਥਮ, ਡੇਰੀਅਲ ਮਿਸ਼ੇਲ, ਹੈਨਰੀ ਨਿਕੋਲਸ, ਏਜਾਜ਼ ਪਟੇਲ, ਟਿਮ ਸਾਊਥੀ, ਰਾਸ ਟੇਲਰ, ਨੀਲ ਵੇਗਨਰ, ਬੀਜੇ ਵਾਟਲਿੰਗ ਸ਼ਾਮਿਲ ਹਨ ।