Windies beat India 1st ODI: ਵੈਸਟਇੰਡੀਜ਼ ਤੇ ਭਾਰਤ ਵਿਚਾਲੇ ਐਤਵਾਰ ਨੂੰ ਪਹਿਲੇ ਵਨਡੇ ਮੈਚ ਖੇਡਿਆ ਗਿਆ, ਜਿਸ ਵਿੱਚ ਵੈਸਟਇੰਡੀਜ਼ ਨੇ ਭਾਰਤ ਨੂੰ 8 ਵਿਕਟਾਂ ਨਾਲ ਹਰਾ ਦਿੱਤਾ । ਇਸ ਜਿੱਤ ਦੇ ਨਾਲ ਹੀ ਵੈਸਟਇੰਡੀਜ਼ ਨੇ ਇਸ ਸੀਰੀਜ਼ ਵਿੱਚ 1-0 ਨਾਲ ਬੜ੍ਹਤ ਬਣਾ ਲਈ ਹੈ । ਐਤਵਾਰ ਨੂੰ ਇਸ ਮੁਕਾਬਲੇ ਵਿੱਚ ਵਿੰਡੀਜ਼ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫੈਸਲਾ ਲਿਆ । ਪਹਿਲਾ ਬੱਲੇਬਾਜ਼ੀ ਕਰਦੇ ਹੋਏ ਭਾਰਤੀ ਟੀਮ ਨੇ 50 ਓਵਰਾਂ ਵਿੱਚ 8 ਵਿਕਟਾਂ ਦੇ ਨੁਕਸਾਨ ‘ਤੇ 287 ਦੌੜਾਂ ਬਣਾਈਆਂ । ਜਿਸਦਾ ਪਿੱਛਾ ਕਰਨ ਉਤਰੀ ਵੈਸਟਇੰਡੀਜ਼ ਦੀ ਟੀਮ ਨੇ ਇਹ ਟੀਚਾ 47.5 ਓਵਰਾਂ ਵਿੱਚ ਹਾਸਿਲ ਕਰ ਲਿਆ । ਵੈਸਟਇੰਡੀਜ਼ ਦੀ ਟੀਮ ਨੇ 2 ਵਿਕਟਾਂ ਦੇ ਨੁਕਸਾਨ ‘ਤੇ 291 ਦੌੜਾਂ ਬਣਾ ਲਈਆਂ ਤੇ ਇਹ ਮੁਕਾਬਲਾ ਆਪਣੇ ਨਾਮ ਕਰ ਲਿਆ ।
ਇਸ ਮੁਕਾਬਲੇ ਵਿੱਚ ਵੈਸਟਇੰਡੀਜ਼ ਦੇ ਸਿਮਰਨ ਹੇਟਮੇਅਰ ਸਿਰਫ 85 ਗੇਂਦਾਂ ਵਿੱਚ ਆਪਣਾ ਸੈਂਕੜਾ ਪੂਰਾ ਕੀਤਾ ਤੇ 106 ਗੇਦਾਂ ਵਿੱਚ 11 ਚੌਕਿਆਂ ਤੇ 7 ਛੱਕਿਆਂ ਦੀ ਮਦਦ ਨਾਲ 139 ਦੌੜਾਂ ਬਣਾਈਆਂ । ਹੈੱਟਮਾਇਰ ਦੇ ਨਾਲ-ਨਾਲ ਹੋਪ ਨੇ ਵੀ ਬਿਹਤਰੀਨ ਸੈਂਕੜਾ ਲਾਇਆ ਤੇ 151 ਗੇਂਦਾਂ ‘ਤੇ 7 ਚੌਕਿਆਂ ਤੇ 1 ਛੱਕੇ ਦੀ ਮਦਦ ਨਾਲ ਅਜੇਤੂ 102 ਦੌੜਾਂ ਬਣਾਈਆਂ । ਹੋਪ ਦਾ ਇਹ ਕਰੀਅਰ ਦਾ 8ਵਾਂ ਸੈਂਕੜਾ ਹੈ । ਜਿਸ ਕਾਰਨ ਸ਼ਿਮਰੋਨ ਹੇਟਮੇਅਰ ਨੂੰ ਮੈਨ ਆਫ ਦਿ ਮੈਚ ਚੁਣਿਆ ਗਿਆ ।
ਦਰਅਸਲ, ਹੈੱਟਮਾਇਰ ਦਾ ਇਹ 5ਵਾਂ ਸੈਂਕੜਾ ਸੀ ਤੇ ਨਾਲ ਹੀ ਉਸ ਦੇ ਕਰੀਅਰ ਦੀ ਸਰਵਸ੍ਰੇਸ਼ਠ ਪਾਰੀ ਵੀ ਸੀ । ਇਸ ਮੁਕਾਬਲੇ ਵਿੱਚ ਹੈੱਟਮਾਇਰ ਨੇ ਹੋਪ ਨਾਲ ਮਿਲ ਕੇ ਦੂਜੇ ਵਿਕਟ ਲਈ 218 ਦੌੜਾਂ ਦੀ ਸਾਂਝੇਦਾਰੀ ਕੀਤੀ । ਇਸ ਮੁਕਾਬਲੇ ਵਿੱਚ ਹੋਪ ਨੇ ਆਪਣੇ ਕਰੀਅਰ ਦਾ ਅੱਠਵਾਂ ਤੇ ਹੈੱਟਮਾਇਰ ਨੇ ਪੰਜਵਾਂ ਸੈਂਕੜਾ ਲਗਾਇਆ ।
ਜੇਕਰ ਇਸ ਮੁਕਾਬਲੇ ਵਿੱਚ ਭਾਰਤੀ ਟੀਮ ਦੀ ਗੱਲ ਕੀਤੀ ਜਾਵੇ ਤਾਂ ਭਾਰਤ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ । ਇਸੇ ਖਰਾਬ ਸ਼ੁਰੂਆਤ ਦੇ ਚੱਲਦਿਆਂ 25 ਦੌੜਾਂ ਦੇ ਅੰਦਰ ਹੀ ਦੋ ਬੱਲੇਬਾਜ਼ ਵਾਪਿਸ ਪਵੇਲੀਅਨ ਪਰਤ ਗਏ. ਭਾਰਤ ਦਾ ਪਹਿਲਾ ਵਿਕਟ ਕੇ.ਐੱਲ ਰਾਹੁਲ ਦੇ ਰੂਪ ਵਿੱਚ ਡਿੱਗਿਆ । ਜਿਸ ਤੋਂ ਬਾਅਦ ਕਪਤਾਨ ਕੋਹਲੀ ਵੀ ਕੁਝ ਖਾਸ ਨਹੀਂ ਕਰ ਸਕੇ ਤੇ 4 ਦੌੜਾਂ ਬਣਾ ਕੇ ਆਊਟ ਹੋ ਗਏ ।
ਜਿਸ ਤੋਂ ਬਾਅਦ ਅਈਅਰ ਤੇ ਪੰਤ ਨੇ ਸਬਰ ਤੇ ਸਾਹਸ ਨਾਲ ਖੇਡਦੇ ਹੋਏ ਚੌਥੀ ਵਿਕਟ ਲਈ ਸੈਂਕੜੇ ਵਾਲੀ ਸਾਂਝੇਦਾਰੀ ਨਿਭਾਈ । ਜਿਸ ਵਿੱਚ ਅਈਅਰ ਨੇ ਆਪਣੇ 10ਵੇਂ ਵਨਡੇ ਵਿੱਚ ਆਪਣਾ ਪੰਜਵਾਂ ਅਰਧ ਸੈਂਕੜਾ ਬਣਾਇਆ, ਜਦਕਿ ਆਪਣੀ ਖਰਾਬ ਫਾਰਮ ਨੂੰ ਲੈ ਕੇ ਲਗਾਤਾਰ ਆਲੋਚਨਾਵਾਂ ਦਾ ਸਾਹਮਣਾ ਕਰ ਰਹੇ ਪੰਤ ਨੇ ਆਪਣਾ ਪਹਿਲਾ ਅਰਧ ਸੈਂਕੜਾ ਬਣਾਇਆ । ਪੰਤ ਨੇ ਇਸ ਮੁਕਾਬਲੇ ਵਿੱਚ 69 ਗੇਂਦਾਂ ‘ਤੇ 71 ਦੌੜਾਂ ਵਿੱਚ 7 ਚੌਕੇ ਤੇ 1 ਛੱਕਾ ਲਾਇਆ ।
ਅਈਅਰ ਟੀਮ ਦੇ 194 ਤੇ ਪੰਤ 210 ਦੇ ਸਕੋਰ ਤੇ ਆਊਟ ਹੋ ਗਿਆ । ਜਿਸ ਤੋਂ ਬਾਅਦ ਕੇਦਾਰ ਜਾਧਵ ਤੇ ਰਵਿੰਦਰ ਜਡੇਜਾ ਨੇ 6ਵੀਂ ਵਿਕਟ ਲਈ 59 ਦੌੜਾਂ ਜੋੜ ਕੇ ਭਾਰਤ ਨੂੰ ਚੁਣੌਤੀਪੂਰਨ ਸਕੋਰ ਵੱਲ ਵਧਾ ਦਿੱਤਾ । ਇਸ ਮੁਕਾਬਲੇ ਵਿੱਚ ਜਾਧਵ 40 ਦੌੜਾਂ ਬਣਾ ਕੇ ਛੇਵੇਂ ਬੱਲੇਬਾਜ਼ ਦੇ ਰੂਪ ਵਿੱਚ ਆਊਟ ਹੋ ਗਏ । ਇਸ ਤੋਂ ਬਾਅਦ ਅਗਲੀ ਹੀ ਗੇਂਦ ‘ਤੇ ਜਡੇਜਾ ਰਨ ਆਊਟ ਹੋ ਗਏ ।