ਪਾਕਿਸਤਾਨ ਦੇ ਲੋਕ ਭਾਰਤੀ ਟੀਵੀ ਸ਼ੋਅ ਅਤੇ ਫਿਲਮਾਂ ਦੇਖਣ ਦੇ ਬਹੁਤ ਸ਼ੌਕੀਨ ਹਨ। ਹਾਲਾਂਕਿ ਉਥੋਂ ਦੀ ਸਰਕਾਰ ਅਤੇ ਗਰਮ ਖਿਆਲੀ ਜਥੇਬੰਦੀਆਂ ਨੂੰ ਲੋਕਾਂ ਦਾ ਇਹ ਸ਼ੌਕ ਬਿਲਕੁਲ ਵੀ ਪਸੰਦ ਨਹੀਂ ਆ ਰਿਹਾ। ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨੀ ਸਰਕਾਰ ਨੇ ਭਾਰਤੀ ਕੰਟੈਂਟ ਦਿਖਾਉਣ ਵਾਲੇ ਟੀਵੀ ਚੈਨਲਾਂ ਅਤੇ ਕੇਬਲ ਆਪਰੇਟਰਾਂ ਵਿਰੁੱਧ ਦੇਸ਼ ਵਿਆਪੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ।
ਪਾਕਿਸਤਾਨੀ ਅਖਬਾਰ ‘ਡਾਨ’ ਦੀ ਰਿਪੋਰਟ ਮੁਤਾਬਕ ਪਾਕਿਸਤਾਨ ਇਲੈਕਟ੍ਰਾਨਿਕ ਮੀਡੀਆ ਰੈਗੂਲੇਟਰੀ ਅਥਾਰਟੀ (Pemra) ਵੱਲੋਂ ਕੇਬਲ ਟੀਵੀ ਆਪਰੇਟਰਾਂ ਨੂੰ ਭਾਰਤੀ ਕੰਟੈਂਟ ਦਾ ਪ੍ਰਸਾਰਣ ਤੁਰੰਤ ਬੰਦ ਕਰਨ ਦੀ ਚਿਤਾਵਨੀ ਦਿੱਤੀ ਗਈ ਹੈ। ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਕੇਬਲ ਟੀਵੀ ਆਪਰੇਟਰਾਂ ਨੂੰ ਗ਼ੈਰ-ਕਾਨੂੰਨੀ ਜਾਂ ਪਾਬੰਦੀਸ਼ੁਦਾ ਐਲਾਨੀ ਗਈ ਭਾਰਤੀ ਕੰਟੈਂਟ ਦਾ ਪ੍ਰਸਾਰਣ ਨਹੀਂ ਕਰਨਾ ਚਾਹੀਦਾ ਅਤੇ ਜਿੱਥੇ ਕਿਤੇ ਵੀ ਅਜਿਹਾ ਕੀਤਾ ਜਾ ਰਿਹਾ ਹੈ, ਉਸ ਨੂੰ ਤੁਰੰਤ ਬੰਦ ਕੀਤਾ ਜਾਵੇ। ਅਥਾਰਟੀ ਨੇ ਕਿਹਾ ਕਿ ਕੇਬਲ ਟੀਵੀ ਨੈੱਟਵਰਕ ‘ਤੇ ਵੰਡ ਲਈ (Pemra) ਲਾਇਸੰਸਧਾਰੀ ਤੋਂ ਇਲਾਵਾ ਕਿਸੇ ਹੋਰ ਚੈਨਲ ਨੂੰ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਕਿਸੇ ਵੀ ਉਲੰਘਣਾ ‘ਤੇ ਸਖ਼ਤੀ ਨਾਲ ਨਿਪਟਿਆ ਜਾਵੇਗਾ’
ਪਾਕਿਸਤਾਨ ਇਲੈਕਟ੍ਰਾਨਿਕ ਮੀਡੀਆ ਰੈਗੂਲੇਟਰੀ ਅਥਾਰਟੀ ਨੇ ਕਿਹਾ ਕਿ ਉਨ੍ਹਾਂ ਦੇ ਨਿਯਮਾਂ ਮੁਤਾਬਕ ਕਿਸੇ ਵੀ ਉਲੰਘਣਾ ‘ਤੇ ਸਖ਼ਤੀ ਨਾਲ ਨਜਿੱਠਿਆ ਜਾਵੇਗਾ। ਅਥਾਰਟੀ ਨੇ ਕਿਹਾ ਕਿ ਉਸ ਦੇ ਖੇਤਰੀ ਦਫਤਰਾਂ ਨੇ ਗੈਰ-ਕਾਨੂੰਨੀ ਭਾਰਤੀ ਚੈਨਲਾਂ ਦਾ ਪ੍ਰਸਾਰਣ ਕਰਨ ਵਾਲੇ ਕੇਬਲ ਆਪਰੇਟਰਾਂ ਦੁਆਰਾ ਉਲੰਘਣਾ ਦੀਆਂ ਰਿਪੋਰਟਾਂ ‘ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉੱਥੇ ਹੀ ਡਾਨ ਦੀ ਖ਼ਬਰ ਵਿੱਚ ਕਿਹਾ ਗਿਆ ਕਿ ਕੇਬਲ ਆਪਰੇਟਰਾਂ ਵੱਲੋਂ ਪਾਕਿਸਤਾਨ ਵਿੱਚ ਪਾਬੰਦੀਸ਼ੁਦਾ ਭਾਰਤੀ ਕੰਟੈਂਟ ਦਿਖਾਉਣਾ ਸੁਪਰੀਮ ਕੋਰਟ ਅਤੇ ਪਾਕਿਸਤਾਨ ਇਲੈਕਟ੍ਰਾਨਿਕ ਮੀਡੀਆ ਰੈਗੂਲੇਟਰੀ ਅਥਾਰਟੀ ਵੱਲੋਂ ਜਾਰੀ ਹਦਾਇਤਾਂ ਦੀ ਉਲੰਘਣਾ ਹੈ।
ਕਈ ਵੱਡੇ ਸ਼ਹਿਰਾਂ ਵਿੱਚ ਨੈਟਵਰਕ ਸੀਜ
ਮੀਡੀਆ ਰਿਪੋਰਟਾਂ ਦੇ ਅਨੁਸਾਰ, ਪਾਕਿਸਤਾਨ ਇਲੈਕਟ੍ਰਾਨਿਕ ਮੀਡੀਆ ਰੈਗੂਲੇਟਰੀ ਅਥਾਰਟੀ ਦੇ ਕਰਾਚੀ ਸਥਿਤ ਦਫਤਰ ਨੇ ਵੱਖ-ਵੱਖ ਖੇਤਰਾਂ ਵਿੱਚ ਅਚਨਚੇਤ ਜਾਂਚ ਕੀਤੀ ਅਤੇ ਕੇਬਲ ਆਪਰੇਟਰਾਂ ਜਿਵੇਂ ਕਿ ਡਿਜੀਟਲ ਕੇਬਲ ਨੈਟਵਰਕ, ਹੋਮ ਮੀਡੀਆ ਕਮਿਊਨੀਕੇਸ਼ਨ (ਪ੍ਰਾਈਵੇਟ) ਲਿਮਟਿਡ, ਸ਼ਾਹਜ਼ੇਬ ਕੇਬਲ ਨੈਟਵਰਕ ਅਤੇ ਸਕਾਈ ਕੇਬਲ ਵਿਜ਼ਨ ਵਰਗੇ ਕੇਬਲ ਆਪਰੇਟਰਾਂ ‘ਤੇ ਛਾਪੇਮਾਰੀ ਕੀਤੀ। ਇਸ ਦੇ ਨਾਲ ਹੀ, ਹੈਦਰਾਬਾਦ ਸਥਿਤ ਦਫਤਰ ਨੇ 23 ਕੇਬਲ ਆਪਰੇਟਰਾਂ ‘ਤੇ ਛਾਪਾ ਮਾਰਿਆ ਅਤੇ 8 ਨੈੱਟਵਰਕ ਜ਼ਬਤ ਕੀਤੇ, ਜੋ ਭਾਰਤੀ ਕੰਟੈਂਟ ਦਾ ਪ੍ਰਸਾਰਣ ਕਰ ਰਹੇ ਸਨ।
ਕਾਰਣ ਦੱਸੋ ਨੋਟਿਸ ਕੀਤਾ ਜਾਰੀ
ਇਸੇ ਤਰ੍ਹਾਂ ਮੁਲਤਾਨ ਸਥਿਤ ਦਫਤਰ ਨੇ ਬਹਾਵਲਨਗਰ ਸ਼ਹਿਰ ਅਤੇ ਕੇਬਲ ਆਪਰੇਟਰਾਂ, ਸਿਟੀ ਡਿਜੀਟਲ ਕੇਬਲ ਨੈੱਟਵਰਕ, ਸਟੇਟ ਕੇਬਲ ਨੈੱਟਵਰਕ, ਨਸੀਬ ਅਤੇ ਜਮੀਲ ਕੇਬਲ ਨੈੱਟਵਰਕ, ਵਰਲਡ ਬ੍ਰਾਈਟ ਕੇਬਲ ਨੈੱਟਵਰਕ, ਸਟਾਰ ਇਨਫਰਮੇਸ਼ਨ ਕੰਪਨੀ ਅਤੇ ਗਲੋਬਲ ਸਿਗਨਲ ਕੇਬਲ ਨੈੱਟਵਰਕ ‘ਤੇ ਛਾਪੇਮਾਰੀ ਕੀਤੀ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਖੇਤਰਾਂ ਵਿੱਚ ‘ਕਾਰਨ ਦੱਸੋ ਨੋਟਿਸ’ ਜਾਰੀ ਕਰਕੇ ਜਵਾਬ ਮੰਗੇ ਜਾ ਰਹੇ ਹਨ।