ਚਾਹ ਅਸੀਂ ਸਾਰਿਆਂ ਦੇ ਜੀਵਨ ਦਾ ਇਕ ਪ੍ਰਮੁੱਖ ਹਿੱਸਾ ਬਣ ਚੁੱਕੀ ਹੈ। ਸਵੇਰੇ ਉਠਦੇ ਹੀ ਚਾਹ ਦਾ ਇਕ ਪਿਆਲਾ, ਭੋਜਨ ਤੋਂ ਬਾਅਦ ਇਕ ਕੱਪ ਚਾਹ ਅਤੇ ਸ਼ਾਮ ਨੂੰ ਵੀ ਲੱਗਣ ਵਾਲੀ ਹਲਕੀ ਭੁੱਖ ਦੀ ਖਾਨਾਪੂਰਤੀ ਚਾਹ ਹੀ ਕਰਦੀ ਹੈ। ਜਦੋਂ ਤੋਂ ਕੋਰੋਨਾ ਸੰਕ੍ਰਮਣ ਸ਼ੁਰੂ ਹੋਇਆ ਹੈ, ਉਦੋਂ ਤੋਂ ਚਾਹ ਨਾ ਪੀਣ ਵਾਲੇ ਵੀ ਬਹੁਤ ਸਾਰੇ ਲੋਕ ਚਾਹ ਪੀਣ ਲੱਗ ਪਏ ਹਨ। ਕਦੇ ਨੀਂਦ ਭਜਾਉਣ ਲਈ ਅਦਰਕ ਵਾਲੀ ਚਾਹ ਤਾਂ ਕਦੇ ਇਮਊਨਿਟੀ ਵਧਾਉਣ ਲਈ ਤੁਲਸੀ, ਕਾਲੀ ਮਿਰਚ ਵਾਲੀ ਚਾਹ ਪਰ ਇਮਊਨਿਟੀ ਵਧਾਉਣ ਲਈ ਸਭ ਤੋਂ ਜ਼ਿਆਦਾ ਜਿਸ ਚਾਹ ਦੀ ਮੰਗ ਹੈ ਉਹ ਹੈ ਗ੍ਰੀਨ ਅਤੇ ਬਲੈਕ ਟੀ। ਵੈਸੇ ਤਾਂ ਦੋਵੇਂ ਚਾਹ ਦੇ ਬਹੁਤ ਸਾਰੇ ਫਾਇਦੇ ਹਨ ਪਰ ਲੋਕ ਖਾਸ ਤੌਰ ’ਤੇ ਇਨ੍ਹਾਂ ਨੂੰ ਫੈਟ ਘੱਟ ਕਰਨ ਲਈ ਪੀਂਦੇ ਹਨ।
ਜੇ ਤੁਸੀਂ ਵੀ ਬਲੈਕ ਟੀ ਜਾਂ ਗ੍ਰੀਨ ਟੀ ਪੀਂਦੇ ਹੋ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਬਲੈਕ ਟੀ ਅਤੇ ਗ੍ਰੀਨ ਟੀ ਨੂੰ ਬਿਨਾਂ ਦੁੱਧ ਦੇ ਪੀਣਾ ਚਾਹੀਦਾ ਹੈ ਤਾਂ ਹੀ ਇਹ ਫਾਇਦੇਮੰਦ ਹੋਵੇਗੀ। ਬਹੁਤ ਸਾਰੇ ਲੋਕ ਬਲੈਕ ਟੀ ਅਤੇ ਗ੍ਰੀਨ ਟੀ ਵਿਚ ਵੀ ਦੁੱਧ ਮਿਲਾ ਕੇ ਪੀਣ ਨੂੰ ਪਹਿਲ ਦਿੰਦੇ ਹਨ, ਜਿਸ ਬਾਰੇ ਸਿਹਤ ਮਾਹਰਾਂ ਦਾ ਕਹਿਣਾ ਹੈ ਕਿ ਜੇ ਤੁਸੀਂ ਬਲੈਕ ਟੀ ਜਾਂ ਗ੍ਰੀਨ ਟੀ ਦਾ ਵੱਧੋ ਵਧ ਫਾਇਦਾ ਲੈਣਾ ਚਾਹੁੰਦੇ ਹੋ ਤਾਂ ਇਸ ਨੂੰ ਬਿਨਾਂ ਦੁੱਧ ਦੇ ਹੀ ਲੈਣਾ ਚਾਹੀਦਾ ਹੈ। ਇਸ ਦਾ ਕਾਰਨ ਹੈ ਕਿ ਦੁੱਧ ਮਿਲਾ ਕੇ ਪੀਣ ਨਾਲ ਇਸ ਵਿਚਲੇ ਪੌਸ਼ਕ ਤੱਤ ਆਪਣਾ ਅਸਰ ਗਵਾ ਦਿੰਦੇ ਹਨ।