ਚੇਨਈ- ਸਨਰਾਈਜ਼ਰਜ਼ ਹੈਦਰਾਬਾਦ ਦੀ ਟੀਮ ਨੇ ਇੰਡੀਅਨ ਪ੍ਰੀਮੀਅਰ ਲੀਗ ਦੇ ਮੁਕਾਬਲੇ ਵਿਚ ਮੇਜ਼ਬਾਨ ਚੇਨੱਈ ਸੁਪਰ ਕਿੰਗਜ਼ ਦੀ ਟੀਮ ਨੂੰ 5 ਵਿਕਟਾਂ ਨਾਲ ਹਰਾ ਦਿੱਤਾ। ਹੈਦਰਾਬਾਦ ਦੀ ਟੀਮ ਨੇ ਚੇਨੱਈ ਵੱਲੋਂ ਜਿੱਤ ਲਈ ਦਿੱਤੇ 155 ਦੌੜਾਂ ਦੇ ਟੀਚੇ ਨੂੰ 18.4 ਓਵਰਾਂ ਵਿਚ 5 ਵਿਕਟਾਂ ਦੇ ਨੁਕਸਾਨ ਨਾਲ ਪੂਰਾ ਕਰ ਲਿਆ। ਸਨਰਾਈਜ਼ਰਜ਼ ਲਈ ਇਸ਼ਾਨ ਕਿਸ਼ਨ ਨੇ 34 ਗੇਂਦਾਂ ’ਤੇ 44 ਦੌੜਾਂ ਦੀ ਪਾਰੀ ਖੇਡੀ। ਕਮਿੰਦੂ ਮੈਂਡਿਸ 22 ਗੇਂਦਾਂ ’ਤੇ 32 ਦੌੜਾਂ ਨਾਲ ਨਾਬਾਦ ਰਿਹਾ। ਨਿਤੀਸ਼ ਕੁਮਾਰ ਰੈੱਡੀ ਨੇ 19 ਨਾਬਾਦ ਦੌੜਾਂ ਦਾ ਯੋਗਦਾਨ ਪਾਇਆ। ਸਲਾਮੀ ਬੱਲੇਬਾਜ਼ ਅਭਿਸ਼ੇਕ ਸ਼ਰਮਾ ਖਾਤਾ ਖੋਲ੍ਹਣ ਵਿਚ ਵੀ ਨਾਕਾਮ ਰਿਹਾ। ਚੇਨੱਈ ਲਈ ਨੂਰ ਅਹਿਮਦ ਨੇ 42 ਦੌੜਾਂ ਬਦਲੇ ਦੋ ਵਿਕਟਾਂ ਲਈਆਂ।
ਇਸ ਤੋਂ ਪਹਿਲਾਂ ਤੇਜ਼ ਗੇਂਦਬਾਜ਼ ਹਰਸ਼ਲ ਪਟੇਲ ਵੱਲੋਂ ਲਈਆਂ ਚਾਰ ਵਿਕਟਾਂ ਦੀ ਬਦੌਲਤ ਸਨਰਾਈਜ਼ਰਜ਼ ਹੈਦਰਾਬਾਦ ਦੀ ਟੀਮ ਨੇ ਪੰਜ ਵਾਰ ਦੀ ਚੈਂਪੀਅਨ ਚੇਨੱਈ ਸੁਪਰ ਕਿੰਗਜ਼ ਦੀ ਪਾਰੀ (19.5 ਓਵਰਾਂ) 154 ਦੌੜਾਂ ’ਤੇ ਸਮੇਟ ਦਿੱਤੀ।
ਦੀਪਕ ਹੁੱਡਾ ਨੇ 21 ਗੇਂਦਾਂ ’ਤੇ 22 ਦੌੜਾਂ ਦੀ ਪਾਰੀ ਨਾਲ ਟੀਮ ਦੇ ਸਕੋਰ ਨੂੰ 150 ਤੋਂ ਪਾਰ ਪਹੁੰਚਾਇਆ। ਆਯੂਸ਼ ਮਹਾਤਰੇ ਨੇ 19 ਗੇਂਦਾਂ ’ਤੇ 30 ਦੌੜਾਂ ਦਾ ਯੋਗਦਾਨ ਪਾਇਆ। ਟੀਮ ਪਾਵਰਪਲੇਅ ਦੇ ਪਹਿਲੇ 6 ਓਵਰਾਂ ਵਿਚ 3 ਵਿਕਟਾਂ ਦੇ ਨੁਕਸਾਨ ਨਾਲ 50 ਦੌੜਾਂ ਹੀ ਬਣਾ ਸਕੀ। ਪਹਿਲੇ ਦਸ ਓਵਰਾਂ ਵਿਚ CSK ਦਾ ਸਕੋਰ 76/4 ਸੀ।