ipl 2020 postponed: ਆਈਪੀਐਲ ਦੇ ਸੀਜ਼ਨ 13, 2020 ਨੂੰ ਅਗਲੇ ਹੁਕਮਾਂ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ। ਸੌਰਭ ਗਾਂਗੁਲੀ ਨੇ ਕਿਹਾ ਹੈ ਕਿ ਇਹ ਟੂਰਨਾਮੈਂਟ ਫਿਲਹਾਲ ਰੱਦ ਕਰ ਦਿੱਤਾ ਗਿਆ ਹੈ ਅਤੇ ਆਉਣ ਵਾਲੇ 2 ਮਹੀਨਿਆਂ ਵਿੱਚ ਇਹ ਫੈਸਲਾ ਲਿਆ ਜਾਵੇਗਾ ਕਿ ਸੀਜ਼ਨ 13 ਹੋਵੇਗਾ ਜਾਂ ਨਹੀਂ। ਆਈਪੀਐਲ ਸੀਜ਼ਨ 13 ਦੀ ਸ਼ੁਰੂਆਤ 29 ਮਾਰਚ ਨੂੰ ਹੋਣੀ ਸੀ ਪਰ ਕੋਰੋਨਾ ਸੰਕਟ ਦੇ ਵਿਚਕਾਰ ਇਸ ਨੂੰ 15 ਅਪ੍ਰੈਲ ਤੱਕ ਰੱਦ ਕਰ ਦਿੱਤਾ ਗਿਆ ਸੀ। ਲੌਕਡਾਊਨ ਵੱਧਣ ਦੇ ਕਾਰਨ ਅਗਲੇ ਹੁਕਮਾਂ ਤੱਕ ਇਸ ਨੂੰ ਰੱਦ ਕਰ ਦਿੱਤਾ ਗਿਆ ਹੈ।
ਸੌਰਭ ਗਾਂਗੁਲੀ ਨੇ ਕਿਹਾ ਕਿ ਜਿਵੇਂ ਸਰਕਾਰ ਨੇ 3 ਮਈ ਤੱਕ ਤਾਲਾਬੰਦੀ ਵਧਾ ਦਿੱਤੀ ਹੈ, ਇਸ ਕਾਰਨ ਇੰਡੀਅਨ ਪ੍ਰੀਮੀਅਰ ਲੀਗ ਵੀ ਫਿਲਹਾਲ ਮੁਲਤਵੀ ਕਰ ਦਿੱਤੀ ਗਈ ਹੈ। ਵੱਧ ਰਹੇ ਲੌਕਡਾਊਨ ਅਤੇ ਦੇਸ਼ ਦੀ ਮੌਜੂਦਾ ਸਥਿਤੀ ਦੇ ਮੱਦੇਨਜ਼ਰ, ਹੁਣ ਬੀਸੀਸੀਆਈ ਕੋਲ ਆਈਪੀਐਲ ਕਰਵਾਉਣ ਲਈ ਬਹੁਤ ਘੱਟ ਵਿਕਲਪ ਹਨ। ਅਜਿਹੀ ਸਥਿਤੀ ਵਿੱਚ, ਤਾਲਾਬੰਦੀ ਵੱਧਣ ਨਾਲ ਬੋਰਡ ਕੋਲ ਇਹ ਆਖਰੀ ਰਾਹ ਬਚਿਆ ਸੀ।
ਮਿਲੀ ਜਾਣਕਾਰੀ ਦੇ ਅਨੁਸਾਰ, ਜੇ ਆਈਪੀਐਲ ਦਾ ਆਯੋਜਨ ਨਾ ਕੀਤਾ ਗਿਆ ਤਾਂ ਟੂਰਨਾਮੈਂਟ ਨੂੰ 5,000 ਤੋਂ 7, 500 ਕਰੋੜ ਤੱਕ ਦਾ ਨੁਕਸਾਨ ਹੋ ਸਕਦਾ ਹੈ। ਸਾਰੇ ਦਿੱਗਜਾਂ ਨੇ ਆਈਪੀਐਲ ਦੇ ਆਯੋਜਨ ਸੰਬੰਧੀ ਵੱਖ ਵੱਖ ਸੁਝਾਅ ਦਿੱਤੇ ਹਨ। ਕਿਸੇ ਨੇ ਆਈਪੀਐਲ ਨੂੰ ਛੋਟਾ ਕਰਨ ਲਈ ਕਿਹਾ ਤਾਂ ਕਿਸੇ ਨੇ ਸਿਰਫ ਭਾਰਤੀ ਖਿਡਾਰੀਆਂ ਲਈ ਆਈਪੀਐਲ ਦਾ ਸੁਝਾਅ ਦਿੱਤਾ ਸੀ। ਇਸ ਤੋਂ ਪਹਿਲਾਂ, ਬੀਸੀਸੀਆਈ ਨੇ 15 ਅਪ੍ਰੈਲ ਤੱਕ ਆਈਪੀਐਲ ਨੂੰ ਮੁਲਤਵੀ ਕਰ ਦਿੱਤਾ ਸੀ, ਇਸ ਉਮੀਦ ਵਿੱਚ ਕਿ ਜੇ ਹਾਲਾਤ ਸੁਧਰੇ ਤਾਂ ਸਥਿਤੀ ਨੂੰ ਵੇਖਦਿਆਂ ਟੂਰਨਾਮੈਂਟ ਆਯੋਜਿਤ ਕੀਤਾ ਜਾ ਸਕਦਾ ਹੈ। ਪਰ ਇਹ ਸਾਰੀਆਂ ਸੰਭਾਵਨਾਵਾਂ ਮਿਟਾ ਦਿੱਤੀਆਂ ਗਈਆਂ ਕਿਉਂਕਿ ਤਾਲਾਬੰਦੀ 3 ਮਈ ਤੱਕ ਅੱਗੇ ਵਧਾ ਦਿਤੀ ਗਈ ਹੈ।