BCCI Chief Sourav Ganguly: ਨਵੀਂ ਦਿੱਲੀ: ਚੀਨ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਨੇ ਪੂਰੀ ਦੁਨੀਆ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ । ਇਸ ਮਹਾਂਮਾਰੀ ਦੇ ਕਹਿਰ ਨੂੰ ਦੇਖਦੇ ਹੋਏ ਦੇਸ਼ ਦੇ ਕਈ ਸੂਬਿਆਂ ਵੱਲੋਂ ਲਾਕ ਡਾਊਨ ਨੂੰ ਵਧਾ ਦਿੱਤਾ ਗਿਆ ਹੈ । ਜਿਸ ਕਾਰਨ ਹਰ ਖੇਡ ਪ੍ਰਤੀਯੋਗਿਤਾ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ । ਜਿਸ ਕਾਰਨ ਇੰਡੀਅਨ ਪ੍ਰੀਮੀਅਰ ਲੀਗ (IPL) ਦਾ ਆਗਾਜ਼ 29 ਅਪ੍ਰੈਲ ਤੋਂ ਹੋਣਾ ਸੀ, ਪਰ BCCI ਵੱਲੋਂ ਇਸ ਨੂੰ 15 ਅਪ੍ਰੈਲ ਤੱਕ ਮੁਲਤਵੀ ਕਰ ਦਿੱਤਾ ਗਿਆ ਸੀ ।
ਪਰ ਲਾਕ ਡਾਊਨ ਵਧਣ ਕਾਰਨ ਹੁਣ IPL ਸ਼ੁਰੂ ਹੋਣ ਦੀ ਸੰਭਾਵਨਾ ਹੋਰ ਵੀ ਘੱਟ ਗਈ ਹੈ. ਹੁਣ ਇਸਨੂੰ ਲੈ ਕੇ BCCI ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਇਸ ਗੱਲ ਦੇ ਸੰਕੇਤ ਦਿੱਤੇ ਹਨ ਕਿ ਟੂਰਨਾਮੈਂਟ ਨੂੰ ਅੱਗੇ ਖਿਸਕਾਇਆ ਜਾ ਸਕਦਾ ਹੈ । ਉਨ੍ਹਾਂ ਕਿਹਾ ਕਿ ਹੁਣ ਇਸ ਟੂਰਨਾਮੈਂਟ ਦੇ ਸ਼ੁਰੂ ਹੋਣ ਦੀ ਸੰਭਾਵਨਾ ਬਿਲਕੁਲ ਹੀ ਘੱਟ ਗਈ ਹੈ ।
ਮੀਡੀਆ ਰਿਪੋਰਟਾਂ ਅਨੁਸਾਰ ਭਾਰਤ ਸਰਕਾਰ 21 ਦਿਨਾਂ ਦੇ ਲਾਕ ਡਾਊਨ ਨੂੰ 15 ਹੋਰ ਦਿਨਾਂ ਲਈ ਵਧਾ ਸਕਦੀ ਹੈ ।
IPL ਨੂੰ ਲੈ ਕੇ ਅਪਡੇਟ ਦਿੰਦਿਆ ਸੌਰਵ ਗਾਂਗੁਲੀ ਨੇ ਕਿਹਾ ਕਿ ਵਰਤਮਾਨ ਸਥਿਤੀਆਂ ਪੂਰੀ ਦੁਨੀਆ ਵਿੱਚ ਕਿਸੇ ਵੀ ਖੇਡ ਦੇ ਲਈ ਸਹੀ ਨਹੀਂ ਹਨ । ਉਨ੍ਹਾਂ ਕਿਹਾ ਕਿ IPL ਇਸ ਲਈ ਵੀ ਸੰਭਵ ਨਹੀਂ ਹੈ ਕਿਉਂਕਿ ਵਿਦੇਸ਼ੀ ਖਿਡਾਰੀਆਂ ਨੂੰ ਵੀ ਇੱਥੇ ਲਿਆਉਣਾ ਬਹੁਤ ਮੁਸ਼ਕਿਲ ਹੈ । ਗਾਂਗੁਲੀ ਨੇ ਕਿਹਾ ਕਿ BCCI ਵੱਲੋਂ ਹਾਲਾਤਾਂ ’ਤੇ ਨਜ਼ਰ ਰੱਖੀ ਜਾ ਰਹੀ ਹੈ, ਪਰ IPL ਦਾ ਆਯੋਜਨ ਹੋ ਸਕੇ ਅਜਿਹੇ ਹਾਲਾਤ ਬਿਲਕੁਲ ਵੀ ਦਿਖਾਈ ਨਹੀਂ ਦੇ ਰਹੇ ।
ਉਨ੍ਹਾਂ ਕਿਹਾ ਕਿ ਫਿਲਹਾਲ IPL ਨੂੰ ਲੈ ਕੇ ਕੁਝ ਵੀ ਕਹਿਣਾ ਸੰਭਵ ਨਹੀਂ ਹੈ ਅਤੇ ਅਜੇ ਕਹਿਣ ਨੂੰ ਵੀ ਕੀ ਹੈ? ਉਨ੍ਹਾਂ ਕਿਹਾ ਕਿ ਸਾਰੇ ਏਅਰਪੋਰਟ ਬੰਦ ਹਨ, ਲੋਕ ਆਪਣੇ ਘਰਾਂ ਵਿਚ ਕੈਦ ਹਨ, ਸਾਰੇ ਦਫਤਰ ਬੰਦ ਹਨ, ਕੋਈ ਕਿਤੇ ਆ ਜਾ ਨਹੀਂ ਸਕਦਾ । ਅਜਿਹਾ ਲੱਗ ਰਿਹਾ ਹੈ ਕਿ ਇਹ ਸਥਿਤੀ ਮਈ ਦੇ ਮੱਧ ਤੱਕ ਅਜਿਹੀ ਹੀ ਰਹਿ ਸਕਦੀ ਹੈ । ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਇਸ ਸਮੇਂ ਕਿਸੇ ਵੀ ਤਰ੍ਹਾਂ ਦੇ ਖੇਡ ਈਵੈਂਟ ਦੀ ਕੋਈ ਸੰਭਾਵਨਾ ਨਹੀਂ ਹੈ । ਇਸ ਦੇ ਨਾਲ ਹੀ ਗਾਂਗੁਲੀ ਨੇ ਇਹ ਵੀ ਸੰਕੇਤ ਦਿੱਤੇ ਕਿ ਇਸ ਟੂਰਨਾਮੈਂਟ ਦੀਆਂ ਨਵੀਂਆਂ ਤਾਰੀਖਾਂ ਤੈਅ ਹੋਣਗੀਆਂ, ਜਿਸ ਦਾ ਜਲਦੀ ਐਲਾਨ ਹੋਵੇਗਾ ।