IPL 2020: ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਚੱਲਦਿਆਂ ਖੇਡਾਂ ਦੇ ਸਾਰੇ ਟੂਰਨਾਮੈਂਟ ਰੱਦ ਹੋ ਗਏ ਹਨ । ਇਸੇ ਦੇ ਚੱਲਦਿਆਂ ਇੰਡੀਅਨ ਪ੍ਰੀਮੀਅਰ ਲੀਗ (IPL) ਦੇ 13ਵੇਂ ਸੀਜ਼ਨ ਦੀ ਸ਼ੁਰੂਆਤ ਨੂੰ ਲੈ ਕੇ ਲਗਾਤਾਰ ਕਿਆਸ ਲਗਾਏ ਜਾ ਰਹੇ ਹਨ । ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਕਾਰਨ ਟੂਰਨਾਮੈਂਟ ਨੂੰ 15 ਅਪ੍ਰੈਲ ਤਕ ਲਈ ਟਾਲ ਦਿੱਤਾ ਗਿਆ ਸੀ । ਇਸ ਤੋਂ ਪਹਿਲਾਂ ਸੀਜ਼ਨ 29 ਮਾਰਚ ਤੋਂ ਸ਼ੁਰੂ ਹੋਣਾ ਸੀ । ਦੱਸ ਦੇਈਏ ਕਿ IPL 13 ਦਾ ਪਹਿਲਾ ਮੁਕਾਬਲਾ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ ਖੇਡਿਆ ਜਾਣਾ ਸੀ ਪਰ ਕੋਰਨਾ ਵਾਇਰਸ ਦੇ ਵੱਧ ਰਹੇ ਪ੍ਰਭਾਵ ਕਾਰਨ BCCI ਵੱਲੋਂ ਇਸ ਨੂੰ ਟਾਲਣ ਦਾ ਫੈਸਲਾ ਲਿਆ ਗਿਆ ।
ਦਰਅਸਲ, ਇਸ ਸਬੰਧੀ BCCI ਦੇ ਇੱਕ ਅਹੁਦੇਦਾਰ ਵੱਲੋਂ ਖੁਲਾਸਾ ਕੀਤਾ ਗਿਆ ਹੈ ਕਿ ਮਈ ਦੇ ਪਹਿਲੇ ਹਫਤੇ ਤੋਂ ਟੂਰਨਾਮੈਂਟ ਦੀ ਸ਼ੁਰੂਆਤ ਹੋ ਸਕਦੀ ਹੈ । ਉਨ੍ਹਾਂ ਦੱਸਿਆ ਕਿ ਜਿਸ ਤਰ੍ਹਾਂ ਬੋਰਡ ਵੱਲੋਂ ਸਾਲ 2009 ਵਿੱਚ ਲੋਕਸਭਾ ਦੇ ਸਮੇਂ ਟੂਰਨਾਮੈਂਟ ਦਾ ਆਯੋਜਨ ਕੀਤਾ ਗਿਆ ਸੀ, ਉਸੇ ਤਰ੍ਹਾਂ ਇਸ ਵਾਰ ਵੀ ਹੋ ਸਕਦਾ ਹੈ ।
ਉਸ ਸਮੇਂ 37 ਦਿਨਾਂ ਵਿੱਚ 59 ਮੁਕਾਬਲੇ ਕਰਵਾਏ ਗਏ ਸਨ । ਉਨ੍ਹਾਂ ਦੱਸਿਆ ਕਿ IPL ਦੇ ਆਯੋਜਨ ਲਈ ਅਪ੍ਰੈਲ ਦੇ ਆਖਰੀ ਹਫਤੇ ਤੱਕ ਦਾ ਇੰਤਜ਼ਾਰ ਕੀਤਾ ਜਾਵੇਗਾ । ਜੇਕਰ ਮਈ ਦੇ ਪਹਿਲੇ ਹਫਤੇ ਵਿੱਚ ਵੀ ਇਹ ਟੂਰਨਾਮੈਂਟ ਦੀ ਸ਼ੁਰੂਆਤ ਨਾ ਹੋਈ ਤਾਂ ਇਸ ਸਾਲ ਟੂਰਨਾਮੈਂਟ ਦਾ ਆਯੋਜਨ ਮੁਸ਼ਕਿਲ ਹੋਵੇਗਾ ।
ਉਨ੍ਹਾਂ ਕਿਹਾ ਕਿ ਇਸ ਸਮੇਂ ਦੇਸ਼ ਵਿੱਚ ਅਜਿਹੇ ਹਾਲਾਤ ਹਨ ਕਿ ਕੋਈ ਵੀ ਕੋਰੋਨਾ ਵਾਇਰਸ ਕਾਰਨ ਦੇਸ਼ ਭਰ ਵਿੱਚ ਯਾਤਰਾ ਨਹੀਂ ਕਰ ਸਕਦਾ । ਉਨ੍ਹਾਂ ਕਿਹਾ ਕਿ ਜੇਕਰ ਸਾਨੂੰ ਇਜਾਜ਼ਤ ਮਿਲ ਜਾਂਦੀ ਹੈ ਤਾਂ ਸਾਡੇ ਕੋਲ ਮਹਾਂਰਾਸ਼ਟਰ ਵਿੱਚ 3 ਅਤੇ ਪੁਣੇ ਵਿੱਚ ਇਕ ਸਟੇਡੀਅਮ ਹੈ । ਉਨ੍ਹਾਂ ਕਿਹਾ ਕਿ ਮੈਨੂੰ ਯਕੀਨ ਹੈ ਕਿ ਇਸ ਤੋਂ ਬਾਅਦ ਸਾਨੂੰ ਇਹ ਯਕੀਨੀ ਕਰਨ ਵਿੱਚ ਮਦਦ ਮਿਲੇਗੀ ਕਿ ਟੀਮਾਂ ਨੂੰ ਨਾ ਸਿਰਫ ਖੇਡਣ ਦੇ ਲਈ ਕ੍ਰਿਕਟ ਮਿਲੇ ਸਗੋਂ ਇਸ ਵਿਚ ਘੱਟ ਯਾਤਰਾ ਵੀ ਸ਼ਾਮਿਲ ਹੋਵੇ ।