ਵਾਸ਼ਿੰਗਟਨ: ਅਮਰੀਕਾ ਦੇ ਵਿਸਕੌਨਸਿਨ ਵਿੱਚ ਇੱਕ ਅਫਰੀਕੀ-ਅਮਰੀਕੀ ਵਿਅਕਤੀ ਨੂੰ ਪੁਲਿਸ ਅਧਿਕਾਰੀ ਨੇ ਸੱਤ ਵਾਰ ਗੋਲੀ ਮਾਰੀ। ਗੰਭੀਰ ਰੂਪ ਨਾਲ ਜ਼ਖ਼ਮੀ ਵਿਅਕਤੀ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਘਟਨਾ ਸਮੇਂ ਯਾਕੂਬ ਬਲੇਕ ਦੇ ਤਿੰਨ ਬੇਟੇ ਕਾਰ ਵਿੱਚ ਪਿਛਲੀ ਸੀਟ ‘ਤੇ ਬੈਠੇ ਸੀ। ਉਨ੍ਹਾਂ ਮੁੰਡਿਆਂ ਵਿੱਚੋਂ ਇੱਕ ਦਾ ਜਨਮ ਦਿਨ ਸੀ।
ਸੋਸ਼ਲ ਮੀਡੀਆ ‘ਤੇ ਵਿਸਕੌਨਸਿਨ ਦੇ ਰਾਜਪਾਲ ਟੋਨੀ ਈਵਰਜ਼ ਵੱਲੋਂ ਪੋਸਟ ਕੀਤੀ ਵੀਡੀਓ ਵਿੱਚ ਜੈਕਬ ਬਲੇਕ ਨਾਂ ਦਾ ਸ਼ਖਸ ਨਜ਼ਰ ਆ ਰਿਹਾ ਹੈ। ਵੀਡੀਓ ਵਿੱਚ ਚਿੱਟਾ ਕਮੀਜ਼ ਤੇ ਕਾਲੀ ਸ਼ੌਰਟਸ ਪਹਿਨੇ ਇਹ ਆਦਮੀ ਗ੍ਰੇਅ ਕੱਲਰ ਦੀ ਕਾਰ ਵੱਲ ਜਾ ਰਿਹਾ ਹੈ। ਉਸ ਦੇ ਪਿੱਛੇ ਦੋ ਪੁਲਿਸ ਅਧਿਕਾਰੀ ਹੱਥਾਂ ਵਿੱਚ ਬੰਦੂਕ ਫੜੇ ਹੋਏ ਦਿਖਾਈ ਦੇ ਰਹੇ ਹਨ। ਜਿਵੇਂ ਹੀ ਬਲੇਕ ਨੇ ਕਾਰ ਅੰਦਰ ਬੈਠਣ ਲਈ ਦਰਵਾਜ਼ਾ ਖੋਲ੍ਹਿਆ ਤਾਂ ਇੱਕ ਅਧਿਕਾਰੀ ਨੇ ਉਸ ਦੀ ਕਮੀਜ਼ ਫੜ ਲਈ, ਫਿਰ ਉਸ ‘ਤੇ ਗੋਲੀਆਂ ਚਲਾ ਦਿੱਤੀਆਂ।
ਇਸ ਘਟਨਾ ਤੋਂ ਬਾਅਦ ਐਤਵਾਰ ਦੇਰ ਰਾਤ ਤਕਰੀਬਨ 100 ਲੋਕਾਂ ਦੀ ਭੀੜ ਕੇਨੋਸ਼ਾ ਕਾਉਂਟੀ ਪਬਲਿਕ ਸੇਫਟੀ ਇਮਾਰਤ ਪਹੁੰਚੀ ਤੇ ‘ਨੋ ਜਸਟਿਸ, ਨੋ ਪੀਸ’ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ। ਕੇਨੋਸ਼ਾ ਕਾਉਂਟੀ ਨੇ ਸੋਮਵਾਰ ਸਵੇਰੇ 7 ਵਜੇ ਤੱਕ ਐਮਰਜੈਂਸੀ ਦਾ ਐਲਾਨ ਕਰ ਦਿੱਤਾ। ਕੇਨੋਸ਼ਾ ਪੁਲਿਸ ਦੀ ਬੇਨਤੀ ‘ਤੇ ਵਿਸਕੋਨਸਿਨ ਸਟੇਟ ਪੈਟਰੌਲ ਤੇ ਕੇਨੋਸ਼ਾ ਕਾਉਂਟੀ ਸ਼ੈਰਿਫ ਦੇ ਨੁਮਾਇੰਦੇ ਘਟਨਾ ਵਾਲੀ ਥਾਂ ਪਹੁੰਚੇ, ਕਿਉਂਕਿ ਇੱਕ ਪੁਲਿਸ ਅਧਿਕਾਰੀ ਗੋਲੀਬਾਰੀ ਦੀ ਘਟਨਾ ਵਿੱਚ ਸ਼ਾਮਲ ਹੈ।
ਵਿਸਕਾਨਸਿਨ ਰਾਜ ਦੇ ਨਿਆਂ ਵਿਭਾਗ ਨੇ ਦੱਸਿਆ ਕਿ ਉਨ੍ਹਾਂ ਦਾ ਅਪਰਾਧਿਕ ਜਾਂਚ ਵਿਭਾਗ ਇਸ ਘਟਨਾ ਦੀ ਜਾਂਚ ਕਰੇਗਾ। ਘਟਨਾ ਵਿੱਚ ਸ਼ਾਮਲ ਅਧਿਕਾਰੀਆਂ ਨੂੰ ਪ੍ਰਸ਼ਾਸਕੀ ਛੁੱਟੀ ‘ਤੇ ਭੇਜ ਦਿੱਤਾ ਗਿਆ ਹੈ।