ਜਾਪਾਨ ਦੇ ਪੱਛਮੀ ਤੱਟ ‘ਤੇ ਆਏ ਭੂਚਾਲਾਂ ਨੇ ਕਹਿਰ ਵਰਤਾ ਦਿੱਤਾ ਹੈ। ਦੂਜੇ ਪਾਸੇ ਇਕ ਚੰਗੀ ਖ਼ਬਰ ਇਹ ਹੈ ਕਿ 72 ਘੰਟੇ ਬਾਅਦ ਇੱਥੇ ਇਕ ਬਿਰਧ ਵਿਅਕਤੀ ਮਲਬੇ ਵਿੱਚੋਂ ਜਿਉਂਦਾ ਬਰਾਮਦ ਹੋਇਆ ਹੈ। ਬਚਾਅ ਦੇ ਯਤਨਾਂ ਦੇ ਬਾਵਜੂਦ ਸ਼ੁੱਕਰਵਾਰ ਨੂੰ ਮਰਨ ਵਾਲਿਆਂ ਦੀ ਗਿਣਤੀ ਵਧ ਕੇ ਘੱਟੋ ਤੋਂ ਘੱਟ 94 ਹੋ ਗਈ। ਇਸ ਤੋਂ ਇਲਾਵਾ 222 ਲੋਕ ਲਾਪਤਾ ਹਨ। ਉਥੇ ਭੂਚਾਲ ਪੀੜਤਾਂ ਪ੍ਰਤੀ ਹਮਦਰਦੀ ਜ਼ਾਹਰ ਕਰਦੇ ਹੋਏ ਪੀਐੱਮ ਨਰਿੰਦਰ ਮੋਦੀ ਨੇ ਜਾਪਾਨੀ ਹਮਰੁਤਬਾ ਫੁਮੀਓ ਕਿਸ਼ਿਦਾ ਨੁੂੰ ਲਿਖਿਆ ਹੈ ਕਿ ਭਾਰਤ ਦੁੱਖ ਦੀ ਇਸ ਘੜੀ ਵਿਚ ਜਾਪਾਨ ਤੇ ਉਥੋਂ ਦੇ ਲੋਕਾਂ ਨਾਲ ਖੜ੍ਹਾ ਹੈ।
ਇਸ਼ਿਕਾਵਾ ਸੂਬੇ ਦੇ ਸਭ ਤੋਂ ਵਧ ਪ੍ਰਭਾਵਤ ਸ਼ਹਿਰਾਂ ਵਿੱਚੋਂ ਇਕ ਸੁਜੂ ਇਲਾਕੇ ਵਿਚ ਢਹੇ ਹੋਏ ਘਰ ਵਿਚ ਬੁੱਧਵਾਰ ਨੂੰ ਇਕ ਬਜ਼ੁਰਗ ਵਿਅਕਤੀ ਨੂੰ ਜਿਉਂਦੇ ਕੱਿਢਆ ਗਿਆ ਹੈ। ਬਚਾਅ ਕਾਮਿਆਂ ਨੇ ਜਿਉਂ ਹੀ ਉਨ੍ਹਾਂ ਨੂੰ ਸਟਰੈਚਰ ਵਿੱਚੋਂ ਬਾਹਰ ਕੱਿਢਆ ਤਾਂ ਧੀ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਜਾਪਾਨ ਵਿਚ ਸੋਮਵਾਰ ਦੇ 7.6 ਤੀਬਰਤਾ ਵਾਲੇ ਭੂਚਾਲ ਮਗਰੋਂ ਇੰਨੇ ਲੰਮੇ ਸਮੇਂ ਤੱਕ ਜੱਦੋਜਹਿਦ ਕਰਨ ਲਈ ਉਨ੍ਹਾਂ ਦੇ ਯਤਨਾਂ ਦੀ ਤਾਰੀਫ਼ ਹੋ ਰਹੀ ਹੈ। ਟੋਕੀਓ ਯੂਨੀਵਰਸਿਟੀ ਦੀ ਭੂਚਾਲ ਖੋਜ ਸੰਸਥਾ ਨੇ ਪਾਇਆ ਹੈ ਕਿ ਪੱਛਮੀ ਜਾਪਾਨ ਵਿਚ ਰੇਤਲੇ ਸਮੁੰਦਰੀ ਤੱਟ ਕੁਝ ਥਾਵਾਂ ‘ਤੇ 250 ਮੀਟਰ ਤੱਕ ਸਮੁੰਦਰ ਵੱਲੋਂ ਖਿਸਕ ਗਏ ਹਨ। ਉਥੇ ਭੂਚਾਲ ਪੀੜਤਾਂ ਦੀ ਮਦਦ ਲਈ ਅਮਰੀਕਾ ਨੇ ਸ਼ੱੁਕਰਵਾਰ ਨੂੁੰ ਇਕ ਲੱਖ ਡਾਲਰ ਦੇਣ ਦਾ ਐਲਾਨ ਕੀਤਾ। ਨਿਕਾਸੀ ਕੇਂਦਰਾਂ ‘ਤੇ ਕਰੀਬ 34 ਹਜ਼ਾਰ ਲੋਕ ਲਿਆਂਦੇ ਗਏ ਹਨ, ਜਿਨ੍ਹਾਂ ਨੇ ਆਪਣੇ ਘਰ ਗੁਆ ਦਿੱਤੇ ਹਨ। ਇਸ਼ਿਕਾਵਾ ਦੇ ਅਨਾਮਿਜ਼ੂ ਸ਼ਹਿਰ ਵਿਚ ਰਹਿਣ ਵਾਲੇ 67 ਸਾਲਾ ਕਿਸਾਨ ਮਸਾਸ਼ੀ ਤੋਮਾਰੀ ਨੇ ਕਿਹਾ ਹੈ ਕਿ ਕੜਾਕੇ ਦੀ ਠੰਢ ਵਿਚ ਸਿਰਫ਼ ਇਕ ਕੰਬਲ ਨਾਲ ਫਰਸ਼ ‘ਤੇ ਸੁੱਤੇ ਰਹਿਣਾ ਅੌਖਾ ਲੱਗਦਾ ਹੈ।