Delhi High Court Issues Notice: ਨਵੀਂ ਦਿੱਲੀ: ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (JNU) ਹਿੰਸਾ ਮਾਮਲੇ ਵਿੱਚ ਦਿੱਲੀ ਹਾਈ ਕੋਰਟ ਵੱਲੋਂ ਐਪਲ, ਵਟਸਐੱਪ, ਗੂਗਲ ਆਦਿ ਨੂੰ ਨੋਟਿਸ ਭੇਜਿਆ ਗਿਆ ਹੈ । ਹਾਈ ਕੋਰਟ ਵੱਲੋਂ ਇਹ ਨੋਟਿਸ ਇਨ੍ਹਾਂ ਪਲੇਟਫਾਰਮਜ਼ ਤੇ ਸ਼ੇਅਰ ਹਿੰਸਾ ਨਾਲ ਜੁੜੀ ਸਮੱਗਰੀ ਨੂੰ ਸੰਭਾਲ ਕੇ ਰੱਖਣ ਸੰਬੰਧਤ ਜਾਰੀ ਕੀਤਾ ਗਿਆ ਹੈ । ਦਰਅਸਲ, JNU ਦੇ ਕੁਝ ਪ੍ਰੋਫੈਸਰਾਂ ਵੱਲੋਂ ਇਸ ‘ਤੇ ਪਟੀਸ਼ਨ ਦਾਇਰ ਕੀਤੀ ਗਈ ਸੀ ।
ਇਸ ਤੋਂ ਇਲਾਵਾ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਕੈਂਪਸ ਵਿਖੇ ਹਿੰਸਾ ਦੀ ਜਾਂਚ ਕਰ ਰਹੀ ਐਸਆਈਟੀ ਵੱਲੋਂ ਸੋਮਵਾਰ ਨੂੰ ਨੌਂ ਲੋਕਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ । ਇਸ ਲਈ ਪੁਲਿਸ ਵੱਲੋਂ ਜਾਂਚ ਲਈ ਪਹਿਲਾਂ ਹੀ ਨੋਟਿਸ ਜਾਰੀ ਕੀਤਾ ਜਾ ਚੁੱਕਿਆ ਹੈ । ਇਸ ਸਬੰਧੀ ਦਿੱਲੀ ਪੁਲਿਸ ਨੇ ਦੱਸਿਆ ਸੀ ਕਿ ਉਨ੍ਹਾਂ ਨੇ ਵਟਸਐੱਪ ਨੂੰ 2 ਗਰੁੱਪਸ ਦੀ ਚੈੱਟ ਦੇਣ ਲਈ ਕਿਹਾ ਹੈ, ਪਰ ਉਨ੍ਹਾਂ ਦਾ ਕੋਈ ਜਵਾਬ ਨਹੀਂ ਆਇਆ ।
ਪੁਲਿਸ ਨੇ ਇਹ ਵੀ ਦੱਸਿਆ ਸੀ ਕਿ ਯੂਨੀਵਰਸਿਟੀ ਤੋਂ ਵੀ CCTV ਫੁਟੇਜ ਮੰਗੀ ਗਈ ਸੀ, ਪਰ ਉਨ੍ਹਾਂ ਨੇ ਵੀ ਜਵਾਬ ਨਹੀਂ ਦਿੱਤਾ । ਜ਼ਿਕਰਯੋਗ ਹੈ ਕਿ ਇਨ੍ਹਾਂ ਨੌਂ ਵਿਦਿਆਰਥੀਆਂ ਵਿੱਚ JNU ਸਟੂਡੈਂਟਸ ਯੂਨੀਅਨ ਦੇ ਪ੍ਰਧਾਨ ਆਇਸ਼ੀ ਘੋਸ਼ ਦਾ ਨਾਮ ਵੀ ਸ਼ਾਮਿਲ ਹੈ । ਇਨ੍ਹਾਂ ਸਾਰੇ ਵਿਦਿਆਰਥੀਆਂ ਤੋਂ JNU ਕੈਂਪਸ ਵਿੱਚ ਹੀ ਪੁੱਛਗਿੱਛ ਕੀਤੀ ਜਾਵੇਗੀ ।
ਦੱਸ ਦੇਈਏ ਕਿ ਕੋਰਟ ਵਿੱਚ ਦਿੱਲੀ ਸਰਕਾਰ ਦੀ ਸਟੈਂਡਿੰਗ ਕਾਊਂਸਿਲ ਦੇ ਵਕੀਲ ਰਾਹੁਲ ਮੇਹਰਾ ਨੇ ਦੱਸਿਆ ਕਿ ਪੁਲਿਸ ਨੂੰ ਹੁਣ ਤੱਕ ਯੂਨੀਵਰਸਿਟੀ ਪ੍ਰਸ਼ਾਸਨ ਵਲੋਂ ਕੋਈ ਜਵਾਬ ਨਹੀਂ ਮਿਲਿਆ ਹੈ । ਕੋਰਟ ਵਿੱਚ JNU ਦੇ ਕੁਝ ਪ੍ਰੋਫੈਸਰਾਂ ਵੱਲੋਂ ਇਹ ਪਟੀਸ਼ਨ ਦਾਇਰ ਕੀਤੀ ਗਈ ਸੀ । ਜਿਸ ਵਿੱਚ ਅਮਿਤ ਪਰਮੇਸਵਰਨ, ਅਤੁਲ ਸੂਦ ਅਤੇ ਸ਼ੁਕਲਾ ਵਿਨਾਇਕ ਸਾਵੰਤ ਸ਼ਾਮਿਲ ਸਨ ।