: ਕੰਗਨਾ ਰਣੌਤ ਨੂੰ ਜਾਵੇਦ ਅਖ਼ਤਰ ਮਾਣਹਾਨੀ ਕੇਸ ‘ਚ ਮੁੰਬਈ ਦੀ ਅੰਧੇਰੀ ਕੋਰਟ ਤੋਂ ਜ਼ਮਾਨਤ ਮਿਲ ਗਈ ਹੈ। ਕੰਗਨਾ ਨੇ ਬੁੱਧਵਾਰ ਨੂੰ ਅਦਾਲਤ ਨੂੰ ਐਪ੍ਰੋਚ ਕੀਤਾ ਸੀ ਤੇ ਉਨ੍ਹਾਂ ਖ਼ਿਲਾਫ਼ ਜਾਰੀ ਕੀਤੇ ਗਏ ਜ਼ਮਾਨਤੀ ਵਾਰੰਟ ਨੂੰ ਰੱਦ ਕਰਨ ਦੀ ਮੰਗ ਕੀਤੀ ਸੀ। ਇਸ ਨਾਲ ਅਦਾਕਾਰਾ ਨੇ ਜ਼ਮਾਨਤ ਲਈ ਵੀ ਅਰਜ਼ੀ ਦਿੱਤੀ ਸੀ, ਜਿਸ ਨੂੰ ਅਦਾਲਤ ਨੇ ਸਵੀਕਾਰ ਕਰ ਲਿਆ।
ਦੱਸ ਦੇਈਏ ਕਿ ਹਿੰਦੀ ਸਿਨੇਮਾ ਦੇ ਦਿੱਗਜ ਲੇਖਕ ਤੇ ਗੀਤਕਾਰ ਜਾਵੇਦ ਅਖ਼ਤਰ ਨੇ ਪਿਛਲੇ ਸਾਲ ਨਵੰਬਰ ‘ਚ ਅੰਧੇਰੀ ਮੈਟਰੋਪਾਲਿਟਨ ਮਜਿਸਟ੍ਰੇਟ ‘ਚ ਕੰਗਨਾ ਰਣੌਤ ਖ਼ਿਲਾਫ਼ ਮਾਣਹਾਨੀ ਦੀ ਸ਼ਿਕਾਇਤ ਦਰਜ ਕਰਵਾਈ ਸੀ। ਉਨ੍ਹਾਂ ਨੇ ਆਪਣੀ ਸ਼ਿਕਾਇਤ ‘ਚ ਦੋਸ਼ ਲਾਇਆ ਸੀ ਕਿ ਕੰਗਨਾ ਨੇ ਇਕ ਇੰਟਰਵਿਊ ਦੌਰਾਨ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਹਵਾਲਾ ‘ਚ ਬਾਲੀਵੁੱਡ ‘ਚ ਕਥਿਤ ਗੁੱਟਬਾਜ਼ੀ ਦੀ ਚਰਚਾ ਕਰਦਿਆਂ ਉਨ੍ਹਾਂ ਦਾ ਨਾਂ ਘਸੀਟ ਕੇ ਅਪਮਾਨਜਨਕ ਟਿੱਪਣੀ ਕੀਤੀ। ਉਨ੍ਹਾਂ ਨੇ ਆਪਣੀ ਸ਼ਿਕਾਇਤ ‘ਚ ਕੰਗਨਾ ਦੀ ਟਿੱਪਣੀ ਨੂੰ ਬੇਬੁਨਿਆਦ ਦੱਸਦਿਆਂ ਕਿਹਾ ਕਿ ਉਸ ਨਾਲ ਉਨ੍ਹਾਂ ਦੇ ਅਕਸ ਨੂੰ ਨੁਕਸਾਨ ਹੋਇਆ ਹੈ।