ਮੁੰਬਈ: ‘ਕੇਜੀਐਫ: ਚੈਪਟਰ 1’ (KGF: Chapter 1) ਭਾਰਤੀ ਫਿਲਮ ਇੰਡਸਟਰੀ ਦੇ ਦਰਸ਼ਕਾਂ ਦਾ ਬਹੁਤ ਪਿਆਰ ਕੀਤਾ ਗਿਆ ਸੀ ਤੇ ਪ੍ਰਸ਼ੰਸਕਾਂ ਨੇ ਯਸ਼ ਦਾ ਅੰਦਾਜ਼ ਵੀ ਕਾਫੀ ਪਸੰਦ ਕੀਤਾ ਸੀ। ਹੁਣ ਉਸ ਦੇ ਪ੍ਰਸ਼ੰਸਕ ਬੇਸਬਰੀ ਨਾਲ ‘ਕੇਜੀਐਫ: ਚੈਪਟਰ 2’ ਵਿੱਚ ਰੌਕੀ ਭਾਈ ਦੀ ਇੱਕ ਝਲਕ ਦੇਖਣ ਲਈ ਇੰਤਜ਼ਾਰ ਕਰ ਰਹੇ ਹਨ। ਇਸ ਦੇ ਨਾਲ ਹੀ ਫਿਲਮ ਦੇ ਦੂਜੇ ਪਾਰਟ ‘ਚ ਸੰਜੇ ਦੱਤ ਤੇ ਐਕਟਰਸ ਰਵੀਨਾ ਟੰਡਨ ਵੀ ਮੁੱਖ ਭੂਮਿਕਾਵਾਂ ਨਿਭਾਉਂਦੇ ਨਜ਼ਰ ਆਉਣਗੇ।ਦੱਸ ਦਈਏ ਕਿ ਸੰਜੇ ਦੱਤ ਦੇ ਜਨਮ ਦਿਨ ਮੌਕੇ ਸੁਪਰਹਿੱਟ ਫਿਲਮ ਕੇਜੀਐਫ 2 ਵਿੱਚ ਸੰਜੇ ਦੱਤ ਦਾ ਕਿਰਦਾਰ ਦੀ ਪਹਿਲੀ ਝਲਕ ਸਾਹਮਣੇ ਆਈ ਹੈ। ਅੱਜ ਉਨ੍ਹਾਂ ਦਾ 61ਵਾਂ ਜਨਮ ਦਿਨ ਹੈ। ਫਿਲਮ ਵਿੱਚ ਸੰਜੇ ਦਾ ਕਿਰਦਾਰ ਅਧੀਰਾ ਦਾ ਹੋਵੇਗਾ, ਜੋ ਫਿਲਮ ‘ਚ ਨੈਗੇਟਿਵ ਕਿਰਦਾਰ ਹੈ।
ਸੰਜੇ ਦੱਤ ਦੇ ਇਸ ਲੁੱਕ ਨੂੰ ਫੈਨਸ ਨੇ ਬਹੁਤ ਪਸੰਦ ਕੀਤਾ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸੰਜੇ ਦੱਤ ਨੇ ਫਿਲਮ ‘ਅਗਨੀਪਾਥ’ ਵਿੱਚ ਵਿਲੇਨ ਦਾ ਕਿਰਦਾਰ ਨਿਭਾਇਆ ਸੀ। ਇਸ ਫਿਲਮ ਵਿੱਚ ਉਸ ਨੇ ‘ਕੰਚਾ ਛੀਨਾ’ ਦਾ ਕਿਰਦਾਰ ਨਿਭਾਇਆ ਸੀ। ਉਸ ਦੇ ਖਤਰਨਾਕ ਅੰਦਾਜ਼ ਨੂੰ ਫਿਲਮ ਵਿੱਚ ਦਰਸ਼ਕਾਂ ਨੇ ਕਾਫ਼ੀ ਪਸੰਦ ਕੀਤਾ ਸੀ। ਹੁਣ ਅਜਿਹੀ ਸਥਿਤੀ ਵਿੱਚ ਸੰਜੇ ਦੱਤ ‘ਅਧੀਰਾ’ ਦੇ ਕਿਰਦਾਰ ਵਿੱਚ ਵੀ ਜਾਨ ਪਾਉਂਦੇ ਹੋਏ ਨਜ਼ਰ ਆਉਣਗੇ।