ਲੰਡਨ: ਪਰਉਪਰਾਕੀ ਸੰਸਥਾ ‘ਖ਼ਾਲਸਾ ਏਡ’ ਦੇ ਮੋਢੀ ਰਵੀ ਸਿੰਘ ਵੀ ਨਸਲੀ ਵਿਤਕਰੇ ਦਾ ਸ਼ਿਕਾਰ ਹੋਏ ਹਨ। ਉਨ੍ਹਾਂ ਨੂੰ ਆਸਟਰੀਆ ਦੇ ਹਵਾਈ ਅੱਡੇ ’ਤੇ ਸੁਰੱਖਿਆ ਸਟਾਫ਼ ‘ਚ ਤਾਇਨਾਤ ਮਹਿਲਾ ਮੁਲਾਜ਼ਮ ਵੱਲੋਂ ਕਥਿਤ ਤੌਰ ’ਤੇ ਮਖ਼ੌਲ ਕਰਕੇ ਨਸਲ-ਭੇਦ ਦਾ ਨਿਸ਼ਾਨਾ ਬਣਾਇਆ ਗਿਆ। ਉਕਤ ਮਹਿਲਾ ਮੁਲਾਜ਼ਮ ਨੇ ਮਜ਼ਾਕ ਕਰਦਿਆਂ ਰਵੀ ਸਿੰਘ ਦੀ ਪੱਗ ਵਿੱਚ ਬੰਬ ਹੋਣ ਦੀ ਗੱਲ ਕਹੀ ਸੀ।
ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਬੀਤੇ ਸ਼ੁੱਕਰਵਾਰ ਜਦ ਰਵੀ ਸਿੰਘ ਇਰਾਕ ਵਿੱਚ ਬੰਦੀ ਬਣਾਈਆਂ ਯਜ਼ੀਦੀ ਔਰਤਾਂ ਦੀ ਮਦਦ ਕਰਨ ਮਗਰੋਂ ਮੁੜ ਯੂਕੇ ਪਰਤ ਰਹੇ ਸਨ ਤਾਂ ਵਿਆਨਾ ਦੇ ਕੌਮਾਂਤਰੀ ਹਵਾਈ ਅੱਡੇ ‘ਤੇ ਉਨ੍ਹਾਂ ਨਾਲ ਇਹ ਘਟਨਾ ਵਾਪਰੀ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਖ਼ਾਲਸਾ ਏਡ ਦੇ ਬਾਨੀ ਸਿੰਘ ਵਿਆਨਾ ਹਵਾਈ ਅੱਡੇ ’ਤੇ ਉਡਾਣ ਬਦਲ ਰਹੇ ਸਨ ਤਾਂ ਸੁਰੱਖਿਆ ਅਮਲੇ ਨੇ ਉਨ੍ਹਾਂ ਦੀ ਦਸਤਾਰ ਦਾ ਨਿਰੀਖਣ ਕਰਨ ਦੀ ਮੰਗ ਕੀਤੀ।