ਚੰਡੀਗੜ੍ਹ ਅੰਬਾਲਾ ਹਾਈਵੇ ’ਤੇ ਪਿੰਡ ਜਵਾਹਰਪੁਰ ਨੇੜੇ ਸਥਿਤ ਇਕ ਨਾਮੀ ਹਸਪਤਾਲ ਨਾਲ ਜੁੜੇ ਕਿਡਨੀ ਰੈਕਟ ਦਾ ਪਰਦਾਫਾਸ਼ ਹੋਇਆ ਹੈ। ਪੁਲਿਸ ਨੇ ਹਸਪਤਾਲ ਦੇ ਕੋਆਰਡੀਨੇਟਰ ਅਭਿਸ਼ੇਕ ਸਣੇ ਤਿੰਨ ਖ਼ਿਲਾਫ਼ ਮਾਮਲਾ ਦਰਜ ਕਰ ਕੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਦੱਸਣਯੋਗ ਹੈ ਕਿ 28 ਸਾਲਾ ਕਪਿਲ ਪੁੱਤਰ ਪੇ੍ਰਮ ਕੁਮਾਰ ਵਾਸੀ ਸਿਰਸਾ ਨੇ ਪੈਸਿਆਂ ਦੇ ਲਾਲਚ ’ਚ 53 ਸਾਲਾ ਸਤੀਸ਼ ਤਾਇਲ ਵਾਸੀ ਸੋਨੀਪਤ ਦਾ ਨਕਲੀ 33 ਸਾਲਾ ਪੁੱਤਰ ਅਮਨ ਤਾਇਲ ਬਣ ਕੇ ਕਿਡਨੀ ਦਿੱਤੀ ਸੀ। ਕਿਡਨੀ ਬਦਲਣ ਦਾ ਸਾਰਾ ਕੰਮ ਬੀਤੀ 6 ਮਾਰਚ ਨੂੰ ਉਕਤ ਨਾਮੀ ਹਸਪਤਾਲ ਵਿਖੇ ਕੀਤਾ ਗਿਆ ਸੀ। ਕਪਿਲ ਮੁਤਾਬਕ ਨਕਲੀ ਪੁੱਤਰ ਬਣਾਉਣ ਦੇ ਸਾਰੇ ਦਸਤਾਵੇਜ਼ ਹਸਪਤਾਲ ’ਚ ਕੰਮ ਕਰਦੇ ਕੋਆਰਡੀਨੇਟਰ ਅਭਿਸ਼ੇਕ ਵੱਲੋਂ ਤਿਆਰ ਕੀਤੇ ਗਏ। ਅਭਿਸ਼ੇਕ ਨੇ ਉਸ ਨੂੰ ਕਿਡਨੀ ਬਦਲੇ 10 ਲੱਖ ਰੁਪਏ ਦੇਣ ਦੀ ਗੱਲ ਕੀਤੀ ਸੀ।
ਉਸਨੇ ਦੋਸ਼ ਲਾਇਆ ਕਿ ਕਿਡਨੀ ਕੱਢਣ ਤੋਂ ਬਾਅਦ ਉਸ ਨੂੰ ਸਿਰਫ਼ ਸਾਢੇ 4 ਲੱਖ ਰੁਪਏ ਦਿੱਤੇ ਗਏ ਤੇ ਘਰ ਭੇਜਣ ਦੀ ਥਾਂ ਇਕ ਕਮਰੇ ’ਚ ਬੰਦ ਕਰ ਦਿੱਤਾ ਗਿਆ। ਸਾਢੇ 4 ਲੱਖ ਰੁਪਏ ’ਚੋਂ 4 ਲੱਖ ਉਸਨੇ ਆਪਣੇ ਦੋਸਤ ਦੇ ਕਹਿਣ ’ਤੇ ਦੁੱਗਣੇ ਕਰਨ ਦੇ ਲਾਲਚ ’ਚ ਗੁਆ ਲਏ। ਹੁਣ ਨਾ ਉਸ ਕੋਲ ਪੈਸੇ ਬਚੇ ਅਤੇ ਨਾ ਕਿਡਨੀ ਰਹੀ। ਦੋਵੇਂ ਪਾਸੇ ਤੋਂ ਲੁੱਟੇ ਜਾਣ ਮਗਰੋਂ ਕਪਿਲ ਨੇ ਪੁਲਿਸ ਹੈਲਪਲਾਈਨ ਨੰਬਰ 112 ’ਤੇ ਸ਼ਿਕਾਇਤ ਕੀਤੀ। ਪੁਲਿਸ ਨੇ ਉਸ ਨੂੰ ਛੁਡਵਾ ਕੇ ਸਰਕਾਰੀ ਹਸਪਤਾਲ ਦਾਖ਼ਲ ਕਰਵਾਇਆ।
ਕਪਿਲ ਨੂੰ ਅਸਲੀ ਪੁੱਤਰ ਵਿਖਾਉਣ ਲਈ ਅਸਲੀ ਪਰਿਵਾਰ ਨਾਲ ਫੋਟੋ ਖਿੱਚਵਾ ਕੇ ਰਿਕਾਰਡ ਨਾਲ ਲਾਈ ਗਈ। ਵੋਟਰ ਕਾਰਡ ਤੇ ਆਧਾਰ ਕਾਰਡ ਵੀ ਨਕਲੀ ਬਣਾਇਆ ਗਿਆ ਹੈ। ਪਿੰਡ ਦੀ ਪੰਚਾਇਤ ਦੇ ਦਸਤਾਵੇਜ਼ ਵੀ ਰਿਕਾਰਡ ਨਾਲ ਲਾਏ ਗਏ ਹਨ। ਇਥੋਂ ਤਕ ਕਿ ਬਲੱਡ ਰਿਪੋਰਟ ਵਿਚ ਵੀ ਹੇਰਾਫੇਰੀ ਕੀਤੀ ਗਈ ਹੈ।
ਇਸ ਮਾਮਲੇ ’ਚ ਪੁਲਿਸ ਨੇ ਰਾਮ ਨਾਰਾਇਣ ਵਾਸੀ ਯੂਪੀ, ਹਸਪਤਾਲ ਦੇ ਦੋ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਕੇਸ ਦਰਜ ਕਰਨ ਮਗਰੋਂ ਪੁਲਿਸ ਨੇ ਹਸਪਤਾਲ ਵਿਖੇ ਨੌਕਰੀ ਕਰਦੇ ਕੋਆਰਡੀਨੇਟਰ ਅਭਿਸ਼ੇਕ ਨੂੰ ਵੀ ਗ੍ਰਿਫ਼ਤਾਰ ਕਰ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਪੁਲਿਸ ਨੂੰ ਜਾਂਚ ’ਚ ਪੂਰਾ ਸਹਿਯੋਗ ਦਿਆਂਗੇ : ਐੱਮਡੀ
ਇਸ ਬਾਰੇ ਗੱਲ ਕਰਨ ’ਤੇ ਹਸਪਤਾਲ ਦੇ ਐੱਮਡੀ ਡਾ. ਰਮਨਦੀਪ ਸਿੰਘ ਨੇ ਕਿਹਾ ਕਿ ਇਸ ਮਾਮਲੇ ’ਚ ਇਥੇ ਕੰਮ ਕਰਦੇ ਕੁਝ ਕਰਮਚਾਰੀਆਂ ਦਾ ਹੱਥ ਸਾਹਮਣੇ ਆਇਆ ਹੈ ਜਿਸ ਬਾਰੇ ਹਸਪਤਾਲ ਨੂੰ ਕੋਈ ਭਿਣਕ ਨਹੀਂ ਲੱਗੀ। ਉਨ੍ਹਾਂ ਨੇ ਕਿਹਾ ਕਿ ਹਸਪਤਾਲ ਤੋਂ ਪੁਲਿਸ ਵੱਲੋਂ ਜੋ ਲੋੜੀਂਦੇ ਦਸਤਾਵੇਜ਼ ਮੰਗੇ ਗਏ ਸੀ ਮੁਹੱਈਆ ਕਰਵਾ ਦਿੱਤੇ ਗਏ ਸਨ ਤੇ ਉਨ੍ਹਾਂ ਵੱਲੋਂ ਜਾਂਚ ਵਿਚ ਪੂਰਾ ਸਹਿਯੋਗ ਦਿੱਤਾ ਜਾਵੇਗਾ।