ਤਿੰਨੋਂ ਕੇਂਦਰੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਕਿਸਾਨਾਂ ਦਾ ਪ੍ਰਦਰਸ਼ਨ 6 ਮਹੀਨਿਆਂ ਬਾਅਦ ਵੀ ਜਾਰੀ ਹੈ। ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਰਾਕੇਸ਼ ਟਿਕੈਤ ਨੇ ਬੁੱਧਵਾਰ ਨੂੰ ਕੋਲਕਾਤਾ ‘ਚ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਬਾਰੇ ਸਵਾਲ ਉੱਠਣੇ ਲਾਜ਼ਮੀ ਸੀ ਤੇ ਇਸ ‘ਤੇ ਕਿਸਾਨ ਆਗੂ ਰਾਕੇਸ਼ ਟਿਕੈਤ ਭੜਕ ਗਏ। ਪੱਛਮੀ ਬੰਗਾਲ ਦੀ ਸੀਐਮ ਮਮਤਾ ਬੈਨਰਜੀ ਨਾਲ ਮੁਲਾਕਾਤ ਦੇ ਸਵਾਲ ‘ਤੇ ਰਾਕੇਸ਼ ਟਿਕੈਤ ਨੇ ਨਾਰਾਜ਼ਗੀ ਜ਼ਾਹਿਰ ਕਰਦਿਆਂ ਕਿਹਾ ਕਿ ਮੈਂ ਸੀਐਮ ਨਾਲ ਮਿਲਿਆ ਨਾ ਕਿ ਪਾਰਟੀ ਮੁਖੀ ਨਾਲ। ਉਨ੍ਹਾਂ ਨੇ ਨਾਰਾਜ਼ਗੀ ਭਰੇ ਅੰਦਾਜ਼ ‘ਚ ਕਿਹਾ ਕਿ ਕੀ ਮੈਂ ਅਫਗਾਨਿਸਤਾਨ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ? ਜਿਸ ਲਈ ਮੈਨੂੰ ਭਾਰਤ ਸਰਕਾਰ ਦੀ ਇਜਾਜ਼ਤ ਲੈਣੀ ਪਵੇ?
ਕੀ ਸੀਐਮ ਨੂੰ ਮਿਲਣ ਲਈ ਵੀਜ਼ਾ ਦੀ ਜ਼ਰੂਰਤ ਹੈ?
ਸੀਐਮ ਮਮਤਾ ਬੈਨਰਜੀ ਨਾਲ ਮੁਲਾਕਾਤ ਨੂੰ ਲੈ ਕੇ ਉਠਣ ਵਾਲੇ ਸਵਾਲਾਂ ‘ਤੇ ਰਾਕੇਸ਼ ਟਿਕੈਤ ਨੇ ਕਿਹਾ ਕਿ ਕੀ ਸੀਐਮ ਨਾਲ ਮਿਲਣ ਲਈ ਵੀਜ਼ਾ ਦੀ ਜ਼ਰੂਰਤ ਹੁੰਦੀ ਹੈ? ਸਾਡੀਆਂ ਨੀਤੀਆਂ ਨੂੰ ਲੈ ਕੇ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਮਿਲਣਗੇ। ਉਤਰਾਖੰਡ ‘ਚ ਭਾਜਪਾ ਦੀ ਸਰਕਾਰ ਹੈ ਤੇ ਪੰਜਾਬ ‘ਚ ਕਾਂਗਰਸ ਦੀ ਸਰਕਾਰ ਹੈ ਅਸੀਂ ਉਨ੍ਹਾਂ ਵੀ ਮਿਲਾਂਗੇ।
