ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਤਿੰਨ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਕਿਸਾਨਾਂ ਦਾ ਰੋਸ ਜਾਇਜ਼ ਹੈ ਪਰ ਕਿਸਾਨ ਪੰਜਾਬ ਵਿਚ ਹੀ 113 ਥਾਵਾਂ ’ਤੇ ਧਰਨਾ ਦੇ ਰਹੇ ਹਨ। ਇਹ ਧਰਨੇ ਪੰਜਾਬ ਦੀ ਅਰਥ-ਵਿਵਸਥਾ ਲਈ ਗੰਭੀਰ ਨਤੀਜੇ ਲਿਆਉਣ ਵਾਲੇ ਹਨ। ਕਿਸਾਨਾਂ ਨੂੰ ਚਾਹੀਦਾ ਉਹ ਦਿੱਲੀ ਸਰਹੱਦ ’ਤੇ ਅਤੇ ਹਰਿਆਣਾ ਵਿਚ ਧਰਨੇ ਦੇਣ। ਉੱਥੇ, ਹਰਿਆਣਾ ਦੇ ਖੇਤੀ ਮੰਤਰੀ ਨੇ ਕਿਹਾ ਕਿ ਅਸੀਂ ਪਹਿਲਾਂ ਤੋਂ ਕਹਿ ਰਹੇ ਹਾਂ ਕਿ ਇਹ ਅੰਦੋਲਨ ਪੂਰੀ ਤਰ੍ਹਾਂ ਕਾਂਗਰਸ ਵੱਲੋਂ ਸਪਾਂਸਰ ਹੈ। ਇਸ ਦੇ ਬਾਵਜੂਦ ਕੈਪਟਨ ਨੂੰ ਕਿਸਾਨ ਜਥੇਬੰਦੀਆਂ ਨੂੰ ਸਮਝਾਉਣਾ ਚਾਹੀਦਾ ਕਿਉਂਕਿ ਇਸ ਅੰਦੋਲਨ ਨਾਲ ਹੁਣ ਅਸਲ ਕਿਸਾਨ ਤੋਂ ਲੈ ਕੇ ਉਦਯੋਗਪਤੀ ਤਕ ਸਭ ਪਰੇਸ਼ਾਨ ਹੋ ਚੁੱਕੇ ਹਨ।
ਕੈਪਟਨ ਸੋਮਵਾਰ ਨੂੰ ਹਲਕਾ ਚੱਬੇਵਾਲ ਦੇ ਪਿੰਡ ਮੁਖਲਿਆਨਾ ਵਿਚ ਸਰਕਾਰੀ ਕਾਲਜ ਦਾ ਨੀਂਹ ਪੱਥਰ ਰੱਖਣ ਲਈ ਪੁੱਜੇ ਸਨ। ਕੈਪਟਨ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਪੰਜਾਬ ਵਿਚ 113 ਥਾਵਾਂ ’ਤੇ ਦਿੱਤੇ ਜਾ ਰਹੇ ਧਰਨੇ ਚੁੱਕ ਲੈਣ, ਤਾਂਕਿ ਆਮ ਲੋਕਾਂ ਨੂੰ ਰਾਹਤ ਮਿਲ ਸਕੇ ਅਤੇ ਪੰਜਾਬ ਦੀ ਅਰਥ-ਵਿਵਸਥਾ ਪ੍ਰਭਾਵਿਤ ਨਾ ਹੋਵੇ। ਕਿਤੇ ਨਾ ਕਿਤੇ ਇਹ ਧਰਨੇ ਪੰਜਾਬ ਲਈ ਗੰਭੀਰ ਸਾਬਤ ਹੋ ਰਹੇ ਹਨ। ਰਾਜ ਦੀ ਆਰਥਿਕ ਸਥਿਤੀ ਪਹਿਲਾਂ ਹੀ ਠੀਕ ਨਹੀਂ ਹੈ ਅਤੇ ਜੇਕਰ ਕਿਸਾਨ ਆਪਣੇ ਹੀ ਸੂਬੇ ਵਿਚ ਧਰਨੇ ਲਾਉਣਗੇ ਤਾਂ ਇਸ ਨਾਲ ਹਾਲਤ ਹੋਰ ਖ਼ਰਾਬ ਹੋ ਸਕਦੀ ਹੈ। ਸਾਨੂੰ ਆਪਣੇ ਸੂਬੇ ਦੀ ਉੱਨਤੀ ਲਈ ਸਹਿਯੋਗ ਦੇਣਾ ਚਾਹੀਦਾ ਹੈ ਨਾ ਕਿ ਅਡ਼ਿੱਕੇ ਪੈਦਾ ਕਰਨੇ ਚਾਹੀਦੇ। ਜੇਕਰ ਅਸੀਂ ਨਾ ਸਮਝੇ ਅਤੇ ਹਾਲਾਤ ਇਸੇ ਤਰ੍ਹਾਂ ਰਹੇ ਤਾਂ ਪੰਜਾਬ ਲਈ ਆਰਥਿਕ ਸੰਕਟ ਪੈਦਾ ਹੋ ਜਾਵੇਗਾ। ਕੈਪਟਨ ਨੇ ਕਿਹਾ ਕਿ ਸੂਬੇ ਦਾ ਕਿਸਾਨ ਤਾਂ ਪੰਜਾਬ ਦੀ ਉੱਨਤੀ ਲਈ ਦਿਨ ਰਾਤ ਇਕ ਕਰਦਾ ਹੈ ਪਰ ਜੇਕਰ ਕਿਸਾਨ ਆਪਣੇ ਹੀ ਰਾਜ ਲਈ ਪਰੇਸ਼ਾਨੀ ਪੈਦਾ ਕਰਨਗੇ ਤਾਂ ਅੱਗੇ ਕਿਵੇਂ ਵਧਿਆ ਜਾ ਸਕਦਾ ਹੈ।
ਕੈਪਟਨ ਨੇ ਕਿਹਾ ਕਿ ਕਾਂਗਰਸ ਸਰਕਾਰ ਕਿਸਾਨਾਂ ਦੀ ਹਿਤੈਸ਼ੀ ਰਹੀ ਹੈ ਅਤੇ ਹਮੇਸ਼ਾ ਕਿਸਾਨਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ ਹੈ। ਗੰਨੇ ਦੀ ਕੀਮਤ 360 ਰੁਪਏ ਪ੍ਰਤੀ ਕੁਇੰਟਲ ਕੀਤੀ ਗਈ ਹੈ, ਜਿਸ ਨਾਲ ਕਿਸਾਨਾਂ ਨੂੰ ਸਿੱਧਾ ਲਾਭ ਹੋਇਆ ਹੈ। ਇਸ ਮੌਕੇ ਉਨ੍ਹਾਂ ਕਿਸਾਨਾਂ ਨੂੰ ਕਰਜ਼ ਮਾਫ਼ੀ ਦੇ ਚੈੱਕ ਵੀ ਵੰਡੇ।
ਹਰਿਆਣਾ ਤੇ ਦਿੱਲੀ ਦੀ ਵੀ ਚਿੰਤਾ ਕਰਨ ਕੈਪਟਨ : ਦਲਾਲ
ਹਰਿਆਣਾ ਦੇ ਖੇਤੀ ਮੰਤਰੀ ਜੇਪੀ ਦਲਾਲ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਤੋਂ ਬਾਅਦ ਕਿਹਾ ਕਿ ਉਨ੍ਹਾਂ ਨੂੰ ਆਪਣੇ ਸੂਬੇ ਦੀ ਤਾਂ ਚਿੰਤਾ ਹੈ ਪਰ ਆਪਣੇ ਛੋਟੇ ਭਰਾ ਹਰਿਆਣਾ ਤੇ ਦੇਸ਼ ਦੀ ਰਾਸ਼ਟਰੀ ਰਾਜਧਾਨੀ ਦਿੱਲੀ ਦੀ ਫਿਕਰ ਬਿਲਕੁਲ ਵੀ ਨਹੀਂ ਹੈ। ਹਰਿਆਣਾ ਪਹਿਲਾਂ ਵੀ ਕਈ ਵਾਰ ਕਹਿ ਚੁੱਕਾ ਹੈ ਕਿ ਕਿਸਾਨ ਜਥੇਬੰਦੀਆਂ ਦਾ ਇਹ ਅੰਦੋਲਨ ਕਾਂਗਰਸ ਵੱਲੋਂ ਸਪਾਂਸਰ ਹੈ। ਪੰਜਾਬ ਦੇ ਕਾਂਗਰਸੀ ਨੇਤਾ ਇਹ ਗੱਲ ਜਨਤਕ ਮੰਚਾਂ ਤੋਂ ਮੰਨ ਵੀ ਚੁੱਕੇ ਹਨ। ਅਜਿਹੇ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਜ਼ਿੰਮੇਦਾਰੀ ਬਣਦੀ ਹੈ ਕਿ ਉਹ ਕਿਸਾਨ ਜਥੇਬੰਦੀਆਂ ਨੂੰ ਸਮਝਾਉਣ ਅਤੇ ਉਨ੍ਹਾਂ ਨੂੰ ਅੰਦੋਲਨ ਖ਼ਤਮ ਕਰਨ ਲਈ ਪ੍ਰੇਰਿਤ ਕਰਨ।ਖੇਤੀ ਮੰਤਰੀ ਜੇਪੀ ਦਲਾਲ ਨੇ ਕਿਹਾ ਕਿ ਫ਼ਿਲਹਾਲ ਜਿੰਨੇ ਲੋਕ ਅੰਦੋਲਨ ਕਰ ਰਹੇ ਹਨ, ਉਨ੍ਹਾਂ ਵਿਚੋਂ ਜ਼ਿਆਦਾਤਰ ਜਥੇਬੰਦੀਆਂ ਪੰਜਾਬ ਦੀਆਂ ਹਨ। ਉੱਤਰ ਪ੍ਰਦੇਸ਼ ਦੇ ਲੋਕ ਉਨ੍ਹਾਂ ਵਿਚ ਵੀ ਆਪਣਾ ਸਿਆਸੀ ਫਾਇਦਾ ਲੱਭ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਇਹ ਕਹਿ ਕੇ ਅਸੀਂ ਸਾਰੇ ਅੰਦੋਲਨਕਾਰੀਆਂ ਨੂੰ ਦਿੱਲੀ ਤੇ ਹਰਿਆਣਾ ਵੱਲ ਮੋਡ਼ ਦਿੱਤਾ ਸੀ, ਮੰਨ ਲਿਆ ਕਿ ਇਸ ਅੰਦੋਲਨ ਵਿਚ ਉਨ੍ਹਾਂ ਦਾ ਸਭ ਤੋਂ ਵੱਡਾ ਹੱਥ ਹੈ। ਉਨ੍ਹਾਂ ਕਿਹਾ ਕਿ ਕੈਪਟਨ ਨੂੰ ਜਥੇਬੰਦੀਆਂ ਨੂੰ ਸਮਝਾਉਣਾ ਚਾਹੀਦਾ, ਕਿਉਂਕਿ ਇਸ ਅੰਦੋਲਨ ਨਾਲ ਹੁਣ ਅਸਲ ਕਿਸਾਨ ਤੋਂ ਲੈ ਕੇ ਉਦਯੋਗਪਤੀ ਤਕ ਸਾਰੇ ਪਰੇਸ਼ਾਨ ਹੋ ਚੁੱਕੇ ਹਨ।