ਬੁੱਧਵਾਰ ਨੂੰ ਕੇਂਦਰ ਸਰਕਾਰ ਦੇ ਤਿੰਨ ਕੇਂਦਰੀ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ‘ਚ ਚੱਲ ਰਹੇ ਧਰਨੇ ਨੂੰ ਛੇ ਮਹੀਨੇ ਪੂਰੇ ਹੋ ਗਏ ਹਨ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਵੱਲੋਂ ਧਰਨੇ ਵਾਲੇ ਸਥਾਨਾਂ ‘ਤੇ ਕਾਲੇ ਝੰਡੇ ਲਾ ਕੇ ਰੋਸ ਪ੍ਰਗਟਾਇਆ ਗਿਆ ਹੈ। ਇਸ ਦੌਰਾਨ ਯੂਪੀ ਗੇਟ ‘ਤੇ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਵੀ ਮੌਜੂਦ ਸਨ। ਇਸ ਮੌਕੇ ਉਨ੍ਹਾਂ ਨੇ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਿਆ ਤੇ ਕਿਹਾ ਕਿ ਜਦੋਂ ਤਕ ਸਰਕਾਰ ਕਾਨੂੰਨ ਵਾਪਸ ਨਹੀਂ ਲੈਂਦੀ ਉਦੋਂ ਤਕ ਕਿਸਾਨ ਧਰਨਾ ਖਤਮ ਨਹੀਂ ਕਰਨਗੇ ਤੇ ਨਾ ਹੀ ਵਾਪਸ ਜਾਣਗੇ। ਇਸ ਤੋਂ ਪਹਿਲਾਂ ਸਰਕਾਰ ਨਾਲ ਜੋ ਵੀ ਗੱਲਬਾਤ ਹੋਈ ਸੀ ਜੇ ਸਰਕਾਰ ਮੁੜ ਗੱਲਬਾਤ ਕਰਨਾ ਚਾਹੁੰਦੀ ਹੈ ਤਾਂ ਗੱਲਬਾਤ ਜਿੱਥੋਂ ਖਤਮ ਹੋਈ ਸੀ ਉੱਥੋਂ ਹੀ ਸ਼ੁਰੂ ਹੋਵੇਗੀ। ਨਵੇਂ ਫਰੇਮਵਰਕ ਨਾਲ ਕੋਈ ਗੱਲਬਾਤ ਨਹੀਂ ਹੋਵੇਗੀ। ਕਿਸਾਨ ਇਸ ਲਈ ਸਹਿਮਤ ਨਹੀਂ ਹਨ।
ਹੁਣ 27 ਨੂੰ ਲਹਿਰਾਉਣਗੇ ਸਫੈਦ ਝੰਡਾ
ਖੇਤੀ ਕਾਨੂੰਨ ਵਿਰੋਧੀਆਂ ਨੇ 26 ਮਈ ਨੂੰ ਯੂਪੀ ਗੇਟ ‘ਤੇ ਕਾਲੇ ਝੰਡੇ ਲਹਿਰਾ ਕੇ ਰੋਸ ਪ੍ਰਗਟਾਇਆ ਹੈ। ਸਰਕਾਰ ਦੇ ਵਿਰੋਧ ‘ਚ ਨਾਅਰੇਬਾਜ਼ੀ ਵੀ ਕੀਤੀ। ਹੁਣ ਕਿਸਾਨ ਸੰਗਠਨ 27 ਮਈ ਨੂੰ ਧਰਨੇ ਵਾਲੀ ਥਾਂ ‘ਤੇ ਸਫੈਦ ਝੰਡਾ ਲਹਿਰਾਉਣਗੇ।