: ਖੇਤੀ ਬਿੱਲਾਂ ਦੇ ਮੁੱਦੇ ‘ਤੇ ਸਰਕਾਰ ਅਤੇ ਕਿਸਾਨਾਂ ਵਿਚਕਾਰ ਰੇੜਕਾ ਖ਼ਤਮ ਹੋਣ ਦੀ ਉਮੀਦ ਜਾਗੀ ਹੈ। ਬੁੱਧਵਾਰ ਦੀ ਬੈਠਕ ਤੋਂ ਬਾਅਦ ਕੇਂਦਰੀ ਖੇਤੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਕਿਹਾ ਕਿ ਸਰਕਾਰ ਨੇ ਇਨ੍ਹਾਂ ਬਿੱਲਾਂ ਨੂੰ ਡੇਢ ਸਾਲ ਤਕ ਲਾਗੂ ਨਾ ਕਰਨ ਦੀ ਤਜਵੀਜ਼ ਰੱਖੀ ਹੈ। ਤਾਜ਼ਾ ਖ਼ਬਰ ਇਹ ਹੈ ਕਿ ਸਰਕਾਰ ਦੇ ਇਸ ਪ੍ਰਸਤਾਵ ‘ਤੇ ਕਿਸਾਨ ਜਥੇਬੰਦੀਆਂ ਅੱਜ ਵਿਚਾਰ ਕਰਨਗੀਆਂ। ਸਵੇਰੇ 11 ਵਜੇ ਸਿੰਧੂ ਬਾਰਡਰ 580 ਕਿਸਾਨ ਜਥੇਬੰਦੀਆਂ ਦੀ ਅਹਿਮ ਬੈਠਕ ਹੋਵੇਗੀ। ਇਸ ਤੋਂ ਬਾਅਦ ਦਿਨ ਵਿਚ 2 ਵਜੇ ਸੰਯੁਕਤ ਕਿਸਾਨ ਮੋਰਚਾ ਬੈਠਕ ਕਰੇਗਾ। ਬੈਠਕ ਵਿਚ ਤੈਅ ਹੋਵੇਗਾ ਕਿ ਸਰਕਾਰ ਦਾ ਪ੍ਰਸਤਾਵ ਸਵੀਕਾਰ ਕੀਤਾ ਜਾਵੇ ਜਾਂ ਨਹੀਂ। ਜੇਕਰ ਸਵੀਕਾਰ ਕੀਤਾ ਜਾਂਦਾ ਹੈ ਤਾਂ ਉਮੀਦ ਹੈ ਕਿ 22 ਜਨਵਰੀ ਨੂੰ ਹੋਣ ਵਾਲੀ ਅਗਲੇ ਦੌਰ ਦੀ ਬੈਠਕ ‘ਚ ਕਿਸਾਨ ਅੰਦੋਲਨ ਖ਼ਤਮ ਕਰ ਦਿੱਤਾ ਜਾਵੇ। ਹਾਲਾਂਕਿ ਕੁਝ ਕਿਸਾਨ ਹਾਲੇ ਵੀ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਤਿੰਨਾਂ ਬਿੱਲਾਂ ਦੀ ਵਾਪਸੀ ਤੋਂ ਘੱਟ ਕੁਝ ਵੀ ਮਨਜ਼ੂਰ ਨਹੀਂ।
26 ਜਨਵਰੀ ਨੂੰ ਟ੍ਰੈਕਟਰ ਰੈਲੀ ‘ਤੇ ਅੜੇ ਕਿਸਾਨ
ਇਸ ਦੌਰਾਨ 26 ਜਨਵਰੀ ਨੂੰ ਤਜਵੀਜ਼ਸ਼ੁਦਾ ਕਿਸਾਨਾਂ ਦੀ ਟ੍ਰੈਕਟਰ ਰੈਲੀ ਸਬੰਧੀ ਰੇੜਕਾ ਬਣਿਆ ਹੋਇਆ ਹੈ। ਕਿਸਾਨ ਸੰਗਠਨ ਕਹਿ ਰਹੇ ਹਨ ਕਿ ਦਿੱਲੀ ਪੁਲਿਸ ਇਜਾਜ਼ਤ ਦੇਵੇ ਜਾਂ ਨਹੀਂ, ਉਹ ਤਾਂ ਟ੍ਰੈਕਟਰ ਰੈਲੀ ਕੱਢਣਗੇ। ਇਸ ਸਬੰਧੀ ਕਿਸਾਨ ਸੰਗਠਨਾਂ ਤੇ ਦਿੱਲੀ ਪੁਲਿਸ ਦੇ ਅਧਿਕਾਰੀਆਂ ਦੇ ਵਿਚਕਾਰ ਬੈਠਕਾਂ ਹੋ ਚੁੱਕੀਆਂ ਹਨ। ਵੀਰਵਾਰ ਨੂੰ ਇਸ ਸਬੰਧੀ ਕਿਸਾਨ ਜਥੇਬੰਦੀਆਂ ਤੇ ਦਿੱਲੀ ਪੁਲਿਸ ਵਿਚਕਾਰ ਬੈਠਕ ਹੋਈ ਜੋ ਨਾਕਾਮ ਰਹੀ। ਪੁਲਿਸ ਕਿਸਾਨਾਂ ਦੇ ਦਿੱਲੀ ਨਾਲ ਲਗਦੀ ਹੱਦ ‘ਤੇ ਜਗ੍ਹਾ ਦੇਣਾ ਚਾਹੁੰਦੀ ਹੈ, ਜਦਕਿ ਕਿਸਾਨ ਕਹਿ ਰਹੇ ਹਨ ਕਿ ਉਹ ਦਿੱਲੀ ਦੇ ਅੰਦਰ ਹੀ ਟ੍ਰੈਕਟਰ ਰੈਲੀ ਕਰਨਗੇ।