ਸਟੇਟ ਬਿਊਰੋ, ਜਾਗਰਣ, ਕੋਲਕਾਤਾ : ਆਰਜੀ ਕਰ ਮੈਡੀਕਲ ਕਾਲਜ ਤੇ ਹਸਪਤਾਲ ਦੀ ਟ੍ਰੇਨੀ ਮਹਿਲਾ ਡਾਕਟਰ ਨਾਲ ਜਬਰ ਜਨਾਹ ਤੇ ਹੱਤਿਆ ਦੀ ਵਾਰਦਾਤ ਦੇ ਮਾਮਲੇ ’ਚ ਸੀਬੀਆਈ ਨੇ ਸੋਮਵਾਰ ਨੂੰ ਸਿਆਲਦਾਹ ਦੀ ਵਿਸ਼ੇਸ਼ ਅਦਾਲਤ ’ਚ ਪਹਿਲੀ ਚਾਰਜਸ਼ੀਚਟ ਦਾਖ਼ਲ ਕਰ ਦਿੱਤੀ ਹੈ। ਭਾਵੇਂ ਇਸ ਮਾਮਲੇ ’ਚ ਸਮੂਹਿਕ ਜਬਰ ਜਨਾਹ ਦੇ ਦੋਸ਼ ਲੱਗਦੇ ਰਹੇ ਹੋਣ, ਪਰ ਸੂਤਰਾਂ ਮੁਤਾਬਕ ਚਾਰਜਸ਼ੀਟ ’ਚ ਸਮੂਹਿਕ ਜਬਰ ਜਨਾਹ ਦਾ ਜ਼ਿਕਰ ਨਹੀਂ ਹੈ। ਸੀਬੀਆਈ ਨੇ ਸਿਵਲ ਵਾਲੰਟੀਅਰ ਸੰਜੇ ਰਾਏ ਨੂੰ ਮੁੱਖ ਮੁਲਜ਼ਮ ਬਣਾਇਆ ਹੈ। ਹਾਲਾਂਕਿ, ਸੀਬੀਆਈ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਜਾਰੀ ਹੈ। ਇਸ ਮਾਮਲੇ ’ਚ ਸੀਬੀਆਈ ਨੇ ਸੁਪਰੀਮ ਕੋਰਟ ’ਚ ਜਿਹੜੀ ਜਾਣਕਾਰੀ ਪੇਸ਼ ਕੀਤੀ ਹੈ, ਉਸ ਵਿਚ ਵੀ ਇਕ ਤੋਂ ਜ਼ਿਆਦਾ ਲੋਕਾਂ ਦੀ ਸ਼ਮੂਲੀਅਤ ਦਾ ਜ਼ਿਕਰ ਨਹੀਂ ਹੈ। ਦੱਸਣਯੋਗ ਹੈ ਕਿ ਨੌਂ ਅਗਸਤ ਨੂੰ ਆਰਜੀ ਕਰ ਹਸਪਤਾਲ ਦੇ ਸੈਮੀਨਾਰ ਹਾਲ ’ਚ ਮਹਿਲਾ ਡਾਕਟਰ ਦੀ ਜਬਰ ਜਨਾਹ ਤੋਂ ਬਾਅਦ ਹੱਤਿਆ ਕਰ ਦਿੱਤੀ ਗਈ ਸੀ। ਕੋਲਕਾਤਾ ਪੁਲਿਸ ਨੇ 10 ਅਗਸਤ ਨੂੰ ਸੰਜੇ ਰਾਏ ਨੂੰ ਗ੍ਰਿਫ਼ਤਾਰ ਕੀਤਾ ਸੀ। ਕਲਕੱਤਾ ਹਾਈ ਕੋਰਟ ਨੇ 14 ਅਗਸਤ ਨੂੰ ਇਸ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪ ਦਿੱਤੀ ਸੀ। ਸੂਤਰਾਂ ਮੁਤਾਬਕ, 48 ਸਫ਼ਿਆਂ ਦੀ ਚਾਰਜਸ਼ੀਟ ’ਚ ਕਰੀਬ 57 ਲੋਕਾਂ ਦੇ ਬਿਆਨਾਂ ਦਾ ਜ਼ਿਕਰ ਹੈ। ਇਸ ’ਚ ਕਿਹਾ ਗਿਆ ਹੈ ਕਿ ਸੰਜੇ ਨੇ ਪੀੜਤਾ ਨਾਲ ਉਦੋਂ ਅਪਰਾਧ ਕੀਤਾ, ਜਦੋਂ ਉਹ ਛੁੱਟੀ ਦੌਰਾਨ ਹਸਪਤਾਲ ਦੇ ਸੈਮੀਨਾਰ ਹਾਲ ’ਚ ਸੌਣ ਲਈ ਗਈ ਸੀ। ਸੀਸੀਟੀਵੀ ਫੁੱਟੇਜ ’ਚ ਸੰਜੇ ਨੂੰ ਨੌ ਅਗਸਤ ਦੀ ਸਵੇਰੇ 4.03 ਵਜੇ ਸੈਮੀਨਾਰ ਹਾਲ ’ਚ ਦਾਖ਼ਲ ਹੁੰਦਿਆਂ ਦੇਖਿਆ ਸੀ। ਉਹ ਕਰੀਬ ਅੱਧੇ ਘੰਟੇ ਬਾਅਦ ਉੱਥੋਂ ਬਾਹਰ ਆਇਆ। ਕੋਲਕਾਤਾ ਪੁਲਿਸ ਨੂੰ ਘਟਨਾ ਵਾਲੀ ਥਾਂ ’ਤੇ ਉਸਦੇ ਬਲੂਟੁੱਥ ਹੈੱਡਫੋਨ ਵੀ ਮਿਲੇ ਸਨ। ਮਹਿਲਾ ਡਾਕਟਰ ਦੀ ਪੋਸਟਮਾਰਟਮ ਰਿਪੋਰਟ ’ਚ ਜਬਰ ਜਨਾਹ ਤੇ ਹੱਤਿਆ ਦੀ ਪੁਸ਼ਟੀ ਕੀਤੀ ਗਈ ਸੀ। ਰਿਪੋਰਟ ’ਚ ਉਸਦੇ ਸਰੀਰ ’ਤੇ 25 ਅੰਦਰੂਨੀ ਤੇ ਬਾਹਰੀ ਸੱਟਾਂ ਦੇ ਨਿਸ਼ਾਨ ਸਨ। ਹਾਲਾਂਕਿ, ਸੰਜੇ ਨੇ ਖ਼ੁਦ ਨੂੰ ਬੇਕਸੂਰ ਦੱਸਿਆ ਸੀ। ਉਸਨੇ ਦਾਅਵਾ ਕੀਤਾ ਸੀ ਕਿ ਜਦੋਂ ਉਹ ਸੈਮੀਨਾਰ ਹਾਲ ’ਚ ਦਾਖ਼ਲ ਹੋਇਆ, ਤਾਂ ਮਹਿਲਾ ਡਾਕਟਰ ਬੇਹੋਸ਼ ਪਈ ਸੀ। ਇਸ ਮਾਮਲੇ ’ਚ ਇਨਸਾਫ਼ ਦੀ ਮੰਗ ਕਰ ਰਹੇ ਜੂਨੀਅਰ ਡਾਕਟਰ ਕਈ ਦਿਨਾਂ ਤੋਂ ਅੰਦੋਲਨ ਕਰ ਰਹੇ ਹਨ।
ਦਾਖ਼ਲ ਕੀਤੀ ਜਾਵੇਗੀ ਪੂਰਕ ਚਾਰਜਸ਼ੀਟ- ਸੂਤਰਾਂ ਮੁਤਾਬਕ ਸਬੂਤਾਂ ਨਾਲ ਛੇੜਛਾੜ ਕਰਨ ਤੇ ਸੰਜੇ ਨੂੰ ਬਚਾਉਣ ਦੀ ਕੋਸ਼ਿਸ਼ ਦੇ ਦੋਸ਼ ’ਚ ਸੀਬੀਆਈ ਬਾਅਦ ’ਚ ਆਰਜੀ ਕਰ ਹਸਪਤਾਲ ਦੇ ਤੱਤਕਾਲੀ ਪ੍ਰਿੰਸੀਪਲ ਸੰਦੀਪ ਘੋਸ਼ ਤੇ ਟਾਲਾ ਥਾਣੇ ਦੇ ਤੱਤਕਾਲੀ ਇੰਚਾਰਜ ਅਭਿਜੀਤ ਮੰਡਲ ਖ਼ਿਲਾਫ਼ ਪੂਰਕ ਚਾਰਜਸ਼ੀਟ ਦਾਖ਼ਲ ਕਰੇਗੀ। ਸੰਦੀਪ ਤੇ ਅਭਿਜੀਤ ਨੂੰ ਇਸ ਮਾਮਲੇ ’ਚ 14 ਸਤੰਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
ਸੰਦੀਪ ਤੇ ਹੋਰਨਾਂ ਤੋਂ ਜੇਲ੍ਹ ’ਚ ਪੁੱਛਗਿੱਛ ਲਈ ਈਡੀ ਨੂੰ ਮਨਜ਼ੂਰੀ-ਆਰਜੀ ਕਰ ਮੈਡੀਕਲ ਕਾਲਜ ਤੇ ਹਸਪਤਾਲ ’ਚ ਵਿੱਤੀ ਬੇਨਿਯਮੀਆਂ ਦੇ ਦੋਸ਼ਾਂ ਦੀ ਜਾਂਚ ਦੇ ਸਿਲਸਿਲੇ ’ਚ ਈਡੀ ਸਾਬਕਾ ਪ੍ਰਿੰਸੀਪਲ ਸੰਦੀਪ ਘੋਸ਼ ਤੋਂ ਜੇਲ੍ਹ ’ਚ ਪੁੱਛਗਿੱਛ ਕਰੇਗੀ। ਈਡੀ ਨੇ ਘੋਸ਼ ਤੋਂ ਇਲਾਵਾ ਉਨ੍ਹਾਂ ਦੇ ਸੁਰੱਖਿਆ ਗਾਰਡ ਅਫਸਰ ਅਲੀ ਤੇ ਸਪਲਾਇਰ ਬਿਪਲਬ ਸਿੰਘ ਤੋਂ ਪੁੱਛਗਿੱਛ ਲਈ ਅਲੀਪੁਰ ਦੀ ਵਿਸ਼ੇ ਸੀਬੀਆਈ ਅਦਾਲਤ ’ਚ ਅਰਜ਼ੀ ਦਿੱਤੀ ਸੀ, ਜਿਸਨੂੰ ਜੱਜ ਨੇ ਸੋਮਵਾਰ ਨੂੰ ਸਵੀਕਾਰ ਕਰ ਲਿਆ। ਤਿੰਨੋ ਮੁਲਜ਼ਮ ਹਾਲੇ ਪ੍ਰੈਸੀਡੈਂਸੀ ਜੇਲ੍ਹ ’ਚ ਹਨ। ਸੰਦੀਪ ਦੇ ਖਿਲਾਫ਼ ਟੈਂਡਰ ਪ੍ਰਣਾਲੀ ’ਚ ਹੇਰਾਫੇਰੀ, ਬੁਨਿਆਦੀ ਢਾਂਚੇ ਨਾਲ ਸਬੰਧਤ ਠੇਕੇ ਸੂਬਾਈ ਲੋਕ ਨਿਰਮਾਣ ਵਿਭਾਗ ਦੀ ਬਜਾਏ ਨਿੱਜੀ ਏਜੰਸੀਆਂ ਨੂੰ ਦੇਣ, ਜੈਵ ਮੈਡੀਕਲ ਵੇਸਟ ਦੀ ਤਸਕਰੀ, ਮੋਰਚਰੀ ’ਚ ਪੋਸਟਮਾਰਟਮ ਲਈ ਆਉਣ ਵਾਲੀਆਂ ਅਣਪਛਾਤੀਆਂ ਲਾਸ਼ਾਂ ਦੇ ਅੰਗਾਂ ਨੂੰ ਵੇਚਣ ਵਰਗੇ ਦੋਸ਼ ਹਨ।