ਨਵੀਂ ਦਿੱਲੀ: ਆਈਪੀਐਲ 2020 ਦੇ 12ਵੇਂ ਮੈਚ ਵਿੱਚ ਕੋਲਕਾਤਾ ਨਾਈਟ ਰਾਈਡਰ ਨੇ ਰਾਜਸਥਾਨ ਰਾਇਲ ਨੂੰ 37 ਦੌੜਾਂ ਨਾਲ ਹਰਾਇਆ। ਕੋਲਕਾਤਾ ਨੇ ਟਾਸ ਹਾਰਨ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ਵਿੱਚ ਛੇ ਵਿਕਟਾਂ ਦੇ ਨੁਕਸਾਨ ‘ਤੇ 174 ਦੌੜਾਂ ਬਣਾਈਆਂ। ਇਸ ਦੇ ਜਵਾਬ ਵਿੱਚ ਰਾਜਸਥਾਨ ਦੀ ਟੀਮ ਤੈਅ ਓਵਰਾਂ ਵਿੱਚ 9 ਵਿਕਟਾਂ ਦੇ ਨੁਕਸਾਨ ‘ਤੇ 137 ਦੌੜਾਂ ਹੀ ਬਣਾ ਸਕੀ।
ਇਸ ਤੋਂ ਪਹਿਲਾਂ ਟਾਸ ਹਾਰਣ ਕਰਕੇ ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਕੋਲਕਾਤਾ ਨੂੰ 36 ਦੌੜਾਂ ਦੇ ਸਕੋਰ ‘ਤੇ ਸੁਨੀਲ ਨਾਰਾਇਣ ਵਜੋਂ ਪਹਿਲਾ ਝਟਕਾ ਲੱਗਿਆ। ਨਾਰਾਇਣ ਨੂੰ ਜੈਦੇਵ ਉਨਾਦਕਟ ਨੇ 15 ਦੌੜਾਂ ‘ਤੇ ਆਊਟ ਕੀਤਾ। ਇਸ ਤੋਂ ਬਾਅਦ ਨਿਤੀਸ਼ ਰਾਣਾ ਤੇ ਸ਼ੁਭਮਨ ਗਿੱਲ ਨੇ ਪਾਰੀ ਨੂੰ ਸੰਭਾਲਿਆ। ਸ਼ੁਭਮਨ ਨੇ 34 ਗੇਂਦਾਂ ਵਿੱਚ ਪੰਜ ਚੌਕਿਆਂ ਤੇ ਇੱਕ ਛੱਕੇ ਦੀ ਬਦੌਲਤ 47 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਰਾਣਾ ਨੇ 17 ਗੇਂਦਾਂ ਵਿੱਚ ਦੋ ਚੌਕਿਆਂ ਤੇ ਇੱਕ ਛੱਕੇ ਦੀ ਮਦਦ ਨਾਲ 22 ਦੌੜਾਂ ਬਣਾਈਆਂ। ਦੋਵਾਂ ਨੇ ਦੂਸਰੀ ਵਿਕਟ ਲਈ 46 ਦੌੜਾਂ ਦੀ ਸਾਂਝੇਦਾਰੀ ਬਣਾਈ।