ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਦਾ BCCI ਦੇ ਨਵੇਂ ਚੇਅਰਮੈਨ ਬਣਨਾ ਲਗਪਗ ਤੈਅ ਹੈ । ਜਿਸ ਤੋਂ ਬਾਅਦ ਦੁਨੀਆ ਭਰ ਦੇ ਪ੍ਰਸ਼ੰਸਕ ਉਨ੍ਹਾਂ ਨੂੰ ਵਧਾਈਆਂ ਦੇ ਰਹੇ ਹਨ । ਇਸ ਦੌਰਾਨ ਬਾਲੀਵੁੱਡ ਅਦਾਕਾਰ ਕਮਲ ਰਾਸ਼ਿਦ ਖਾਨ ਯਾਨੀ ਕਿ ਕੇਆਰਕੇ ਵੱਲੋਂ ਵੀ ਇਸ ‘ਤੇ ਆਪਣੀ ਪ੍ਰਤੀਕਿਰਿਆ ਦਿੱਤੀ ਗਈ ਹੈ । ਇਸ ਮਾਮਲੇ ਵਿੱਚ ਕੇਆਰਕੇ ਵੱਲੋਂ ਇੱਕ ਟਵੀਟ ਕੀਤਾ ਗਿਆ ਹੈ, ਜਿਸ ‘ਤੇ ਹਰ ਕੋਈ ਚਰਚਾ ਕਰ ਰਿਹਾ ਹੈ ।ਦਰਅਸਲ, ਕੇਆਰਕੇ ਨੇ ਆਪਣੇ ਇਸ ਟਵੀਟ ਵਿੱਚ ਲਿਖਿਆ ਕਿ ਉਨ੍ਹਾਂ ਨੇ ਲੰਬੇ ਸਮੇਂ ਤੋਂ ਕ੍ਰਿਕਟ ਮੈਚ ਦੇਖਣਾ ਬੰਦ ਕਰ ਦਿੱਤਾ ਹੈ, ਕਿਉਂਕਿ ਉਹ ਫਿਕਸਡ ਮੈਚ ਦੇਖਣਾ ਪਸੰਦ ਨਹੀਂ ਕਰਦੇ । ਇਸ ਤੋਂ ਇਲਾਵਾ ਉਨ੍ਹਾਂ ਲਿਖਿਆ ਕਿ ਹੁਣ ਉਹ ਉਮੀਦ ਕਰਦੇ ਹਨ ਕਿ ਇਮਾਨਦਾਰ ਕ੍ਰਿਕਟਰ ਸੌਰਵ ਗਾਂਗੁਲੀ ਵਿਰਾਟ ਕੋਹਲੀ ਨੂੰ ਕਪਤਾਨੀ ਤੋਂ ਹਟਾ ਦੇਣਗੇ, ਜਿਸ ਤੋਂ ਬਾਅਦ ਉਹ ਫਿਰ ਤੋਂ ਮੈਚ ਵੇਖਣਾ ਸ਼ੁਰੂ ਕਰ ਦੇਣਗੇ ।ਦੱਸ ਦੇਈਏ ਕਿ ਵਿਰਾਟ ਕੋਹਲੀ ਦੇ ਪ੍ਰਸ਼ੰਸਕਾਂ ਵੱਲੋਂ ਕੇਆਰਕੇ ਦੇ ਇਸ ਟਵੀਟ ਨੂੰ ਪਸੰਦ ਨਹੀਂ ਕੀਤਾ ਜਾ ਰਿਹਾ । ਜਿਸ ਕਾਰਨ ਉਨ੍ਹਾਂ ਵੱਲੋਂ ਕੇਆਰਕੇ ਦੇ ਇਸ ਰਵੱਈਏ ਦੀ ਜ਼ੋਰਦਾਰ ਆਲੋਚਨਾ ਕੀਤੀ ਜਾ ਰਹੀ ਹੈ । ਫਿਲਹਾਲ ਇਸ ਮਾਮਲੇ ਵਿੱਚ ਹਾਲੇ ਤੱਕ ਵਿਰਾਟ ਕੋਹਲੀ ਜਾਂ ਕੇਆਰਕੇ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ ।
ਜ਼ਿਕਰਯੋਗ ਹੈ ਕਿ ਇਹ ਕੋਈ ਪਹਿਲਾ ਮੌਕਾ ਨਹੀਂ ਹੈ ਜਦੋਂ ਕੇਆਰਕੇ ਵੱਲੋਂ ਇਸ ਤਰਾਂ ਦਾ ਵਿਵਾਦਿਤ ਟਵੀਟ ਜਾਂ ਬਿਆਨ ਕੀਤਾ ਗਿਆ ਹੈ । ਕੇਆਰਕੇ ਵੱਲੋਂ ਅਕਸਰ ਹੀ ਇਸ ਤਰਾਂ ਦੇ ਬਿਆਨ ਆਉਂਦੇ ਰਹਿੰਦੇ ਹਨ, ਜਿਸ ਕਾਰਨ ਉਹ ਸੁਰਖੀਆਂ ਵਿੱਚ ਬਣੇ ਰਹਿੰਦੇ ਹਨ ।