IPL ਦੀ ਫ੍ਰੈਂਚਾਈਜ਼ੀ ਕਿੰਗਜ਼ ਇਲੈਵਨ ਪੰਜਾਬ ਵਿੱਚ ਵੱਡਾ ਬਦਲਾਅ ਹੋਣ ਜਾ ਰਿਹਾ ਹੈ । ਜਿਸ ਵਿੱਚ KXIP ਦੀ ਟੀਮ ਵਿੱਚੋਂ ਕਪਤਾਨ ਰਵੀ ਚੰਦਰਨ ਅਸ਼ਵਿਨ ਦੀ ਵਿਦਾਈ ਲੱਗਭਗ ਤੈਅ ਹੋ ਗਈ ਹੈ । ਮਿਲੀ ਜਾਣਕਾਰੀ ਵਿੱਚ ਪਤਾ ਲੱਗਿਆ ਹੈ ਕਿ ਅਸ਼ਵਿਨ ਦੀ ਜਗ੍ਹਾ ਕੇ.ਐੱਲ. ਰਾਹੁਲ ਨੂੰ ਪੰਜਾਬ ਟੀਮ ਦਾ ਕਪਤਾਨ ਬਣਾਇਆ ਜਾ ਸਕਦਾ ਹੈ । ਉਥੇ ਹੀ ਦੂਜੇ ਪਾਸੇ ਇਹ ਵੀ ਉਮੀਦ ਜਤਾਈ ਜਾ ਰਹੀ ਹੈ ਕਿ ਇਸ ਤੋਂ ਬਾਅਦ ਅਸ਼ਵਿਨ ਨੂੰ ਦਿੱਲੀ ਕੈਪੀਟਲਸ ਵਿੱਚ ਜਗ੍ਹਾ ਮਿਲ ਸਕਦੀ ਹੈ, ਪਰ ਉਸ ਨੂੰ ਉੱਥੇ ਕਪਤਾਨੀ ਮਿਲੇਗੀ ਜਾਂ ਨਹੀਂ ਇਸ ਬਾਰੇ ਹਾਲੇ ਕੁਝ ਵੀ ਨਹੀਂ ਪਤਾ । ਦੱਸ ਦੇਈਏ ਕਿ ਇਸ ਸਮੇਂ ਦਿੱਲੀ ਦੀ ਕਪਤਾਨੀ ਸ਼੍ਰੇਅਸ ਅਈਅਰ ਦੇ ਹੱਥਾਂ ਵਿੱਚ ਹੈ ਜੋ ਕੁਝ ਸਾਲਾਂ ਤੋਂ ਚੰਗਾ ਪ੍ਰਦਰਸ਼ਨ ਕਰ ਰਿਹਾ ਹੈ । ਅਜਿਹੇ ਵਿੱਚ ਉਸ ਨੂੰ ਕਪਤਾਨੀ ਤੋਂ ਹਟਾਉਣਾ ਮੁਸ਼ਕਿਲ ਹੋਵੇਗਾ । ਜ਼ਿਕਰਯੋਗ ਹੈ ਕਿ ਅਸ਼ਵਿਨ ਪਿਛਲੇ 2 ਸਾਲ ਤੋਂ ਕਿੰਗਜ਼ ਇਲੈਵਨ ਪੰਜਾਬ ਦੇ ਕਪਤਾਨ ਰਹੇ ਹਨ । ਜਿਸ ਦੌਰਾਨ ਉਨ੍ਹਾਂ ਦੀ ਟੀਮ ਨੇ ਚੰਗਾ ਪ੍ਰਦਰਸ਼ਨ ਤਾਂ ਕੀਤਾ, ਪਰ ਟੀਮ ਫਾਈਨਲ ਵਿੱਚ ਨਹੀਂ ਪਹੁੰਚ ਸਕੀ । ਇਸ ਮਾਮਲੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਦਿੱਲੀ ਅਤੇ ਪੰਜਾਬ ਟੀਮ ਦੇ ਮਾਲਕਾਂ ਦੀ ਇਸ ਸਬੰਧੀ ਗੱਲਬਾਤ ਚੱਲ ਰਹੀ ਹੈ । ਇਸ ਮਾਮਲੇ ਵਿੱਚ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਜੇਕਰ ਅਸ਼ਵਿਨ ਦਿੱਲੀ ਦੀ ਟੀਮ ਵਿੱਚ ਜਾਂਦੇ ਹਨ ਤਾਂ ਇਹ ਟੀਮ ਹੋਰ ਵੀ ਮਜ਼ਬੂਤ ਹੋ ਜਾਵੇਗੀ । ਇਸ ਸਮੇਂ ਦਿੱਲੀ ਦੀ ਟੀਮ ਵਿੱਚ ਅਕਸ਼ਰ ਪਟੇਲ, ਅਮਿਤ ਮਿਸ਼ਰਾ, ਸੁਚਿਤ, ਰਾਹੁਲ ਤੇਵਤਿਆ, ਮਯੰਕ ਮਾਰਕੰਡੇ ਅਤੇ ਸੰਦੀਪ ਲਾਮਿਛਾਨੇ ਵਰਗੇ ਸਪਿਨਰ ਸ਼ਾਮਿਲ ਹਨ । ਦੱਸ ਦੇਈਏ ਕਿ ਹਾਲੇ ਅਸ਼ਵਿਨ ਦੇ ਦਿੱਲੀ ਦੀ ਟੀਮ ਵਿੱਚ ਜਾਣ ਤੇ ਉਨ੍ਹਾਂ ਦੀ ਫੀਸ ਬਾਰੇ ਕੋਈ ਖੁਲਾਸਾ ਨਹੀਂ ਹੋਇਆ ਹੈ । ਸਾਲ 2018 ਵਿੱਚ ਹੋਈ ਨਿਲਾਮੀ ਦੌਰਾਨ KXIP ਨੇ ਅਸ਼ਵਿਨ ਨੂੰ 7.6 ਕਰੋੜ ਰੁਪਏ ਵਿੱਚ ਖਰੀਦਿਆ ਸੀ । ਜਿਸ ਵਿੱਚ ਅਸ਼ਵਿਨ ਨੇ IPL ਦੇ 139 ਮੈਚ ਖੇਡੇ ਤੇ ਇਨ੍ਹਾਂ ਮੈਚਾਂ ਵਿੱਚ 6.79 ਦੀ ਇਕਾਨਮੀ ਨਾਲ 125 ਵਿਕਟਾਂ ਲਈਆਂ ਹਨ ।