ਸ੍ਰੀਨਗਰ (ਏਜੰਸੀ) : ਭਾਰਤ-ਚੀਨ ਸਰਹੱਦ ’ਤੇ ਐੱਲਏਸੀ ’ਤੇ ਡੈਮਚੋਕ ਤੇ ਦੇਪਸਾਂਗ ’ਚ ਮੰਗਲਵਾਰ ਨੂੰ ਭਾਰਤ ਤੇ ਚੀਨੀ ਫ਼ੌਜ ਦੇ ਜਵਾਨ ਪੂਰੀ ਤਰ੍ਹਾਂ ਪਿੱਛੇ ਹਟ ਗਏ ਹਨ। ਪੂਰਬੀ ਲੱਦਾਖ ’ਚ ਦੋਵਾਂ ਫ਼ੌਜਾਂ ਦੇ ਪਿੱਛੇ ਹਟਣ ਦੀ ਪ੍ਰਕਿਰਿਆ ਪੂਰੀ ਹੋਣ ਦੇ ਨਾਲ ਹੀ ਦੀਵਾਲੀ ’ਤੇ ਦੋਵਾਂ ਦੇਸ਼ਾਂ ਦੀਆਂ ਫ਼ੌਜਾਂ ਵੱਲੋਂ ਪੈਟਰੋਲਿੰਗ ਦਾ ਰਸਤਾ ਸਾਫ਼ ਹੋ ਗਿਆ ਹੈ। ਰੱਖਿਆ ਸੂਤਰਾਂ ਨੇ ਮੰਗਲਵਾਰ ਨੂੰ ਦੱਸਿਆ ਕਿ ਹੁਣ ਦੋਵੇਂ ਫ਼ੌਜਾਂ ਇਨ੍ਹਾਂ ਖੇਤਰਾਂ ’ਚ ਮੌਜੂਦਗੀ ਖ਼ਤਮ ਹੋਣ ਦੇ ਨਾਲ ਹੀ ਆਰਜ਼ੀ ਨਿਰਮਾਣ ਨਸ਼ਟ ਕੀਤੇ ਜਾਣ ਦੀ ਭੌਤਿਕ ਰੂਪ ’ਚ ਤੇ ਡ੍ਰੋਨ ਜ਼ਰੀਏ ਜਾਂਚ-ਪੜਤਾਲ ਕਰ ਰਹੀਆਂ ਹਨ। ਦੇਪਸਾਂਗ ਦੇ ਮੈਦਾਨ ਤੇ ਡੈਮਚੋਕ ’ਚ ਆਰਜ਼ੀ ਨਿਰਮਾਣ ਹਟਾਏ ਜਾਮ ਦਾ ਕੰਮ ਕਰੀਬ-ਕਰੀਬ ਪੂਰਾ ਹੋ ਗਿਆ ਹੈ। ਇਸ ਦੇ ਨਾਲ ਹੀ ਦੋਵਾਂ ਧਿਰਾਂ ਵੱਲੋਂ ਇਕ ਤੈਅ ਪੱਧਰ ਦੀ ਤਸਦੀਕ ਵੀ ਕੀਤੀ ਜਾ ਚੁੱਕੀ ਹੈ।
ਇਸ ਪ੍ਰਕਿਰਿਆ ਤਹਿਤ ਉੱਥੇ ਤਾਇਨਾਤ ਦੋਵੇਂ ਫ਼ੌਜਾਂ ਪਿੱਛੇ ਹਟ ਕੇ ਆਪਣੇ ਤੈਅ ਸਥਾਨ ’ਤੇ ਚਲੀਆਂ ਗਈਆਂ ਹਨ। ਹੁਣ 10 ਤੋਂ 15 ਫ਼ੌਜੀਆਂ ਦੀ ਟੁਕੜੀ ਇੱਥੇ ਗਸ਼ਤ ਕਰੇਗੀ ਤੇ ਅਪ੍ਰੈਲ 2020 ਤੋਂ ਪਹਿਲਾਂ ਵਾਲੀ ਸਥਿਤੀ ਬਹਾਲ ਹੋ ਜਾਵੇਗੀ। ਕਰੀਬ ਸਾਢੇ ਚਾਰ ਸਾਲਾਂ ਤੋਂ ਇੱਥੇ ਦੋਵਾਂ ਦੇਸ਼ਾਂ ਫ਼ੌਜੀਆਂ ਵਿਚਕਾਰ ਟਕਰਾਅ ਦੀ ਸਥਿਤੀ ਬਣੀ ਹੋਈ ਸੀ, ਜੋ ਆਖ਼ਰਕਾਰ ਮੰਗਲਵਾਰ ਨੂੰ ਖ਼ਤਮ ਹੋ ਗਈ। ਇਸ ਦੇ ਨਾਲ ਹੀ ਪਹਿਲਾਂ ਤੈਅ ਪ੍ਰੋਗਰਾਮ ਮੁਤਾਬਕ 29 ਅਕਤੂਬਰ ਨੂੰ ਦੋਵਾਂ ਥਾਵਾਂ ਤੋਂ ਫ਼ੌਜਾਂ ਨੂੰ ਪਿੱਛੇ ਕਰਨ ਤੇ ਉੱਥੇ ਮੌਜੂਦ ਆਰਜ਼ੀ ਨਿਰਮਾਣ, ਕੈਂਪ ਆਦਿ ਹਟਾਉਣ ਦਾ ਕੰਮ ਖ਼ਤਮ ਹੋ ਗਿਆ।ਜ਼ਿਕਰਯੋਗ ਹੈ ਕਿ ਬੀਤੀ 21 ਅਕਤਬੂਰ ਨੂੰ ਹੋਏ ਸਮਝੌਤੇ ਤੋਂ ਬਾਅਦ ਬ੍ਰਿਕਸ ਸਿਖਰ ਸੰਮੇਲਨ ’ਚ ਚੀਨੀ ਰਾਸ਼ਟਰਪਤੀ ਸ਼ੀ ਜ਼ਿੰਨਪਿੰਗ ਨਾਲ ਮੁਲਾਕਾਤ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੀ ਕਿ ਭਾਰਤ ਤੇ ਚੀਨ ਦੇ ਸਬੰਧਾਂ ਦੀ ਅਹਿਮੀੱਤ ਸਿਰਫ਼ ਸਾਡੇ ਲੋਕਾਂ ਲਈ ਹੀ ਨਹੀਂ, ਦੁਨੀਆ ਦੀ ਸ਼ਾਂਤੀ ਤੇ ਸਥਿਰਤਾ ਲਈ ਵੀ ਅਹਿਮ ਹਨ।