ਮੱਧ-ਉਮਰ ਦੇ ਲੋਕ ਜੋ ਘੱਟੋ-ਘੱਟ 10 ਸਕਿੰਟ ਲਈ ਇੱਕ ਲੱਤ ‘ਤੇ ਖੜ੍ਹੇ ਨਹੀਂ ਹੋ ਸਕਦੇ ਹਨ, ਉਨ੍ਹਾਂ ਨੂੰ ਇੱਕ ਦਹਾਕੇ ਦੇ ਅੰਦਰ ਮਰਨ ਦਾ ਵਧੇਰੇ ਜ਼ੋਖ਼ਮ ਹੁੰਦਾ ਹੈ। ਇਹ ਅਧਿਐਨ ਹਾਲ ਹੀ ਵਿੱਚ ਬ੍ਰਿਟਿਸ਼ ਜਰਨਲ ਆਫ ਸਪੋਰਟਸ ਮੈਡੀਸਨ ਵਿੱਚ ਪ੍ਰਕਾਸ਼ਿਤ ਹੋਇਆ ਹੈ।
ਖੋਜਕਰਤਾਵਾਂ ਨੇ ਪਾਇਆ ਕਿ ਇੱਕ ਸਧਾਰਨ ਸੰਤੁਲਨ ਟੈਸਟ ਦੇ ਨਾਲ ਸੰਘਰਸ਼ ਕਰਨ ਵਾਲੇ ਵਲੰਟੀਅਰਾਂ ਦੀ ਅਗਲੇ 10 ਸਾਲਾਂ ਵਿੱਚ ਮਰਨ ਦੀ ਸੰਭਾਵਨਾ 84% ਵੱਧ ਸੀ, ਉਹਨਾਂ ਲੋਕਾਂ ਦੀ ਤੁਲਨਾ ਵਿੱਚ ਜੋ ਬਿਨਾਂ ਸਹਾਰੇ ਇੱਕ ਲੱਤ ‘ਤੇ ਖੜ੍ਹੇ ਹੋ ਸਕਦੇ ਸਨ। ਇਹ ਨਤੀਜੇ 2009 ਵਿੱਚ ਸ਼ੁਰੂ ਹੋਏ ਬ੍ਰਾਜ਼ੀਲ ਵਿੱਚ 50 ਸਾਲ ਤੋਂ ਵੱਧ ਉਮਰ ਦੇ 1,702 ਲੋਕਾਂ ਵਿੱਚ ਤੰਦਰੁਸਤੀ ਅਤੇ ਸਿਹਤ ਦੇ ਅਧਿਐਨ ਤੋਂ ਆਏ ਹਨ।
ਅਧਿਐਨ ‘ਚ ਭਾਗੀਦਾਰਾਂ ਨੂੰ ਆਪਣੇ ਹੱਥਾਂ ਨੂੰ ਆਪਣੇ ਪਾਸਿਆਂ ‘ਤੇ ਰੱਖਦੇ ਹੋਏ ਅਤੇ ਅੱਗੇ ਦੇਖਦੇ ਹੋਏ ਜ਼ਮੀਨ ਨੂੰ ਛੂਹੇ ਬਗੈਰ, ਇੱਕ ਲੱਤ ਨੂੰ ਚੁੱਕਣ ਅਤੇ ਦੂਜੀ ਲੱਤ ਦੇ ਪਿੱਛੇ ਰੱਖਣ ਲਈ ਕਿਹਾ ਗਿਆ ਸੀ। ਅਜਿਹਾ ਕਰਨ ਲਈ ਉਸਨੂੰ ਤਿੰਨ ਕੋਸ਼ਿਸ਼ਾਂ ਦੀ ਇਜਾਜ਼ਤ ਦਿੱਤੀ ਗਈ ਸੀ। ਪੰਜਾਂ ‘ਚੋਂ ਇੱਕ ਵਿਅਕਤੀ ਟੈਸਟ ਵਿੱਚ ਫੇਲ੍ਹ ਹੋ ਗਿਆ, ਜਿਸ ਵਿੱਚ ਉਹ ਵੀ ਸ਼ਾਮਲ ਹਨ ਜੋ ਜਾਂ ਤਾਂ ਵੱਡੀ ਉਮਰ ਦੇ ਸਨ ਜਾਂ ਬਿਮਾਰ ਸਨ।
ਤੁਹਾਡੀ ਸਿਹਤ ਦਾ ਪਤਾ ਲਗਾਇਆ ਜਾ ਸਕਦਾ ਹੈ ਕਿ ਤੁਸੀਂ ਕਿੰਨੀ ਦੇਰ ਅਤੇ ਕਿੰਨੀ ਚੰਗੀ ਤਰ੍ਹਾਂ ਆਪਣੇ ਸਰੀਰ ਨੂੰ ਸੰਤੁਲਿਤ ਕਰਨ ਦੇ ਯੋਗ ਹੋ। ਇਸ ਖੋਜ ਤੋਂ ਪਹਿਲਾਂ ਕੀਤੇ ਗਏ ਇੱਕ ਅਧਿਐਨ ਨੇ ਦਿਖਾਇਆ ਕਿ ਜੋ ਲੋਕ 10 ਸਕਿੰਟ ਲਈ ਇੱਕ ਲੱਤ ‘ਤੇ ਖੜ੍ਹੇ ਨਹੀਂ ਹੋ ਸਕਦੇ ਹਨ, ਉਨ੍ਹਾਂ ਵਿੱਚ ਸਟ੍ਰੋਕ ਨਾਲ ਮੌਤ ਦਾ ਖ਼ਤਰਾ ਵੱਧ ਜਾਂਦਾ ਹੈ।
ਇਸ ਦੇ ਲਈ ਬ੍ਰਿਟੇਨ, ਅਮਰੀਕਾ, ਆਸਟ੍ਰੇਲੀਆ, ਫਿਨਲੈਂਡ ਅਤੇ ਬ੍ਰਾਜ਼ੀਲ ਦੇ ਮਾਹਿਰਾਂ ਨੇ 12 ਸਾਲ ਤਕ ਇੱਕ ਖੋਜ ਕੀਤੀ, ਜਿਸ ਵਿੱਚ ਸਾਹਮਣੇ ਆਇਆ ਕਿ ਅਧਖੜ ਉਮਰ ਦੇ ਅਤੇ ਬਜ਼ੁਰਗ ਜੋ ਇੱਕ ਲੱਤ ਉੱਤੇ 10 ਸਕਿੰਟ ਤਕ ਸੰਤੁਲਨ ਨਹੀਂ ਰੱਖ ਪਾਉਂਦੇ ਹਨ, ਉਨ੍ਹਾਂ ‘ਚ ਅਗਲੇ 10 ਸਾਲਾਂ ਵਿੱਚ ਮੌਤ ਦਾ ਖਤਰਾ ਵੱਧ ਜਾਂਦਾ ਹੈ। ਲੋਕ ਆਮ ਤੌਰ ‘ਤੇ 60 ਸਾਲ ਦੀ ਉਮਰ ਤੋਂ ਪਹਿਲਾਂ ਆਰਾਮ ਨਾਲ ਇਹ ਸੰਤੁਲਨ ਹਾਸਲ ਕਰ ਲੈਂਦੇ ਹਨ, ਹਾਲਾਂਕਿ, ਇਸ ਉਮਰ ਤੋਂ ਬਾਅਦ ਉਨ੍ਹਾਂ ਲਈ ਸੰਤੁਲਨ ਬਣਾਉਣਾ ਮੁਸ਼ਕਲ ਹੋ ਜਾਂਦਾ ਹੈ।