ਸਾਊਥ ਦੇ ਸੁਪਰਸਟਾਰ ਵਿਜੈ ਦੇਵਰਕੋਂਡਾ ਬਹੁਤ ਜਲਦ ਬਾਲੀਵੁੱਡ ’ਚ ਧਮਾਲ ਮਚਾਉਣ ਵਾਲੇ ਹਨ। ਵਿਜੈ ਦੇਵਰਕੋਂਡਾ ਜਲਦ ਹੀ ਅਨੰਨਿਆ ਪਾਂਡੇ ਦੇ ਨਾਲ ਧਰਮਾ ਪ੍ਰੋਡਕਸ਼ਨ ਦੇ ਬੈਨਰ ਹੇਠ ਬਣ ਰਹੀ ਫਿਲਮ ‘ਲਾਈਗਰ’ ’ਚ ਨਜ਼ਰ ਆਉਣਗੇ। ਹੁਣ ਤਕ ਦੀ ਜਾਣਕਾਰੀ ਅਨੁਸਾਰ ਇਸ ਫਿਲਮ ਨੂੰ 9 ਸਤੰਬਰ ਨੂੰ ਥੀਏਟਰਸ ’ਚ ਰਿਲੀਜ਼ ਕੀਤਾ ਜਾਵੇਗਾ, ਹਾਲਾਂਕਿ ਕੋਵਿਡ ਕਾਰਨ ਫਿਲਮ ਦੀ ਸ਼ੂਟਿੰਗ ਫਿਲਹਾਲ ਰੁਕੀ ਹੋਈ ਹੈ। ਪਰ ਉਮੀਦ ਹੈ ਕਿ ਸ਼ੂਟਿੰਗ ਜਲਦ ਹੀ ਸ਼ੁਰੂ ਹੋ ਜਾਵੇਗੀ ਅਤੇ ਫਿਲਮ ਨੂੰ ਤੈਅ ਤਰੀਕ ’ਤੇ ਹੀ ਰਿਲੀਜ਼ ਕੀਤਾ ਜਾਵੇਗਾ।
ਇਸ ਦੌਰਾਨ ਹਾਲ ਹੀ ਫਿਲਮ ਨਾਲ ਜੁੜੀ ਇਕ ਖ਼ਬਰ ਅਚਾਨਕ ਵਾਇਰਲ ਹੋ ਰਹੀ ਹੈ ਕਿ ਇਸਨੂੰ ਓਟੀਟੀ ਪਲੇਟਫਾਰਮ ’ਤੇ ਰਿਲੀਜ਼ ਕੀਤਾ ਜਾ ਸਕਦਾ ਹੈ। ਖ਼ਬਰ ਅਨੁਸਾਰ ਓਟੀਟੀ ਪਲੇਟਫਾਰਮ ਨੇ ਮੇਕਰਜ਼ ਨੂੰ 200 ਕਰੋੜ ਰੁਪਏ ਦਾ ਆਫਰ ਦਿੱਤਾ ਹੈ। ਪਰ ਵਾਇਰਲ ਹੁੰਦੀ ਇਸ ਖ਼ਬਰ ’ਚ ਖ਼ੁਦ ਵਿਜੈ ਦੇਵਰਕੋਂਡਾ ਨੇ ਅਜਿਹਾ ਹੋਣ ਤੋਂ ਸਾਫ ਇਨਕਾਰ ਕਰ ਦਿੱਤਾ ਹੈ। ਵਿਜੈ ਨੇ ਆਪਣੇ ਟਵਿੱਟਰ ਅਕਾਊਂਟ ’ਤੇ ਇਕ ਫੋਟੋ ਸ਼ੇਅਰ ਕੀਤੀ ਹੈ ਜਿਸ ’ਚ ਫਿਲਮ ਦੇ ਓਟੀਟੀ ’ਤੇ ਰਿਲੀਜ਼ ਹੋਣ ਦੀ ਗੱਲ ਕਹੀ ਗਈ ਹੈ। ਇਸ ਫੋਟੋ ਨਾਲ ਵਿਜੈ ਨੇ ਲਿਖਿਆ, ਇਹ ਬਹੁਤ ਘੱਟ ਹੈ… ਮੈਂ ਥੀਏਟਰ ’ਚ ਇਸ ਤੋਂ ਵੱਧ ਕਰਾਂਗਾ। ਵਿਜੈ ਦੇ ਇਸ ਟਵੀਟ ਤੋਂ ਬਾਅਦ ਇਹ ਸਾਫ਼ ਹੋ ਗਿਆ ਹੈ ਕਿ ਫਿਲਮ ਓਟੀਟੀ ’ਤੇ ਨਹੀਂ ਥੀਏਟਰਸ ’ਚ ਹੀ ਰਿਲੀਜ਼ ਹੋਵੇਗੀ ਅਤੇ ਐਕਟਰ ਨੇ ਟਵੀਟ ਨਾਲ ਇਹ ਵੀ ਇਸ਼ਾਰਾ ਦੇ ਦਿੱਤਾ ਹੈ ਕਿ ਉਨ੍ਹਾਂ ਦੀ ਫਿਲਮ 200 ਕਰੋੜ ਤੋਂ ਵੱਧ ਕਮਾਏਗੀ।
ਤੁਹਾਨੂੰ ਦੱਸ ਦੇਈਏ ਕਿ ‘ਲਾਈਗਰ’ ਦੇ ਨਾਲ ਵਿਜੈ ਬਾਲੀਵੁੱਡ ’ਚ ਡੈਬਿਊ ਕਰ ਰਹੇ ਹਨ। ਫਿਲਮ ’ਚ ਵਿਜੈ ਅਤੇ ਅਨੰਨਿਆ ਤੋਂ ਇਲਾਵਾ ਰਾਮਿਆ ਕ੍ਰਿਸ਼ਨ, ਰੋਨਿਤ ਰਾਏ, ਵਿਸ਼ੂ ਰੇਡੀ ਜਿਹੇ ਕਲਾਕਾਰ ਸ਼ਾਮਿਲ ਹਨ। ਇਹ ਪੈਨ ਇੰਡੀਆ ਫਿਲਮ ਪੁਰੀ ਜਗਨਨਾਥ ਦੁਆਰਾ ਨਿਰਦੇਸ਼ਿਤ ਹੈ।