Farmer’s Protest : ਸੋਨੂੰ ਰਾਣਾ/ਸੰਜੈ ਨਿਧੀ/ਅਵਨੀਸ਼ ਮਿਸ਼ਰਾ, ਨਵੀਂ ਦਿੱਲੀ : ਸਿੰਘੂ ਸਰਹੱਦ ‘ਤੇ ਪ੍ਰੈੱਸ ਕਾਨਫਰੰਸ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਦੇ ਮਹਾ ਸਕੱਤਰ, ਐੱਚਐੱਸ ਲੱਖੋਵਾਲ ਨੇ ਕਿਹਾ ਕਿ ਵੀਰਵਾਰ ਨੂੰ ਅਸੀਂ ਸਰਕਾਰ ਨੂੰ ਕਿਹਾ ਕਿ ਨਵੇਂ ਖੇਤੀ ਕਾਨੂੰਨਾਂ ਨੂੰ ਵਾਪਸ ਲਿਆਇਆ ਜਾਣਾ ਚਾਹੀਦਾ। ਜੇ ਸਰਕਾਰ ਸਾਡੀ ਗੱਲ ਨਹੀਂ ਮੰਨੇਗੀ ਤਾਂ 8 ਦਸੰਬਰ ਨੂੰ ਭਾਰਤ ਬੰਦ ਕੀਤਾ ਜਾਵੇਗਾ। ਅਖਿਲ ਭਾਰਤੀ ਕਿਸਾਨ ਸਭਾ ਦੇ ਮਹਾ ਸਕੱਤਰ ਨੇ ਕਿਹਾ ਕਿ ਸਾਨੂੰ ਇਸ ਵਿਰੋਧ ਨੂੰ ਅੱਗੇ ਵਧਾਉਣ ਦੀ ਲੋੜ ਹੈ। ਸਰਕਾਰ ਨੂੰ ਖੇਤੀ ਕਾਨੂੰਨਾਂ ਨੂੰ ਵਾਪਸ ਲੈਣਾ ਚਾਹੀਦਾ।
ਦਿੱਲੀ ਤੋਂ ਨੇੜੇ ਹਰਿਆਣਾ ਤੇ ਉੱਤਰ ਪ੍ਰਦੇਸ਼ ਦੀ ਸਰਹੱਦ ‘ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਹਟਾਉਣ ਲਈ ਸੁਪਰੀਮ ਕੋਰਟ ‘ਚ ਸ਼ੁੱਕਰਵਾਰ ਨੂੰ ਪਟੀਸ਼ਨ ਦਾਇਰ ਕੀਤੀ ਗਈ ਹੈ। ਪਟੀਸ਼ਨਕਰਤਾ ਨੇ ਕਿਸਾਨਾਂ ਨੂੰ ਬਾਰਡਰ ਤੋਂ ਹਟਾਉਣ ਦੀ ਮੰਗ ਕੀਤੀ ਹੈ। ਤਿੰਨ ਕੇਂਦਰੀ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਸਬੰਧੀ ਪੰਜਾਬ-ਹਰਿਆਣਾ ਸਮੇਤ ਕਈ ਸੂਬਿਆਂ ਦੇ ਕਿਸਾਨਾਂ ਦਾ ਧਰਨਾ-ਪ੍ਰਦਰਸ਼ਨ 8ਵੇਂ ਦਿਨ ਵਿਚ ਦਾਖ਼ਲ ਹੋ
ਗਿਆ ਹੈ। ਦਿੱਲੀ-ਹਰਿਆਣਾ ਤੇ ਯੂਪੀ ਦੇ ਤਕਰੀਬਨ ਅੱਧੀ ਦਰਜਨ ਤੋਂ ਜ਼ਿਆਦਾ ਬਾਰਡਰ ਸੀਲ ਹਨ, ਜਿਸ ਨਾਲ ਲੋਕਾਂ ਨੂੰ ਆਵਾਜਾਈ ‘ਚ ਖਾਸੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ੁੱਕਰਵਾਰ ਨੂੰ 8ਵੇਂ ਦਿਨ ਲਗਾਤਾਰ ਦਿੱਲੀ-ਐੱਨਸੀਆਰ ਦੇ ਵਾਹਨ ਚਾਲਕਾਂ ਨੂੰ ਦਿੱਕਤ ਪੇਸ਼ ਆ ਰਹੀ ਹੈ। ਦਿੱਲੀ-ਐੱਨਸੀਆਰ ‘ਚ ਆਵਾਜਾਈ ਲਈ ਬਦਲਵਾਂ ਮਾਰਗ ਹੈ ਪਰ ਇੱਥੇ ਲੱਗਣ ਵਾਲਾ ਜਾਮ ਲੋਕਾਂ ਲਈ ਸਮੱਸਿਆਵਾਂ ਵੀ ਵਧਾ ਰਿਹਾ ਹੈ।