ਖੇਤੀ ਕਾਨੂੰਨਾਂ ਨੂੰ ਵਾਪਸ ਲਿਆਉਣ ਦੀ ਮੰਗ ਸਬੰਧੀ ਦਿੱਲੀ-ਹਰਿਆਣਾ ਦੇ ਸਿਘੂ ਬਾਰਡਰ ‘ਤੇ ਜਾਰੀ ਕਿਸਾਨਾਂ ਦਾ ਪ੍ਰਦਰਸ਼ਨ ਐਤਵਾਰ ਨੂੰ 32ਵੇਂ ਦਿਨ ਵੀ ਜਾਰੀ ਹੈ। ਦਿੱਲੀ-ਹਰਿਆਣਾ ਤੇ ਯੂਪੀ ਬਾਰਡਰ ‘ਤੇ ਕਿਸਾਨਾਂ ਦੇ ਪ੍ਰਦਰਸ਼ਨ ਕਾਰਨ ਦਿੱਲੀ-ਐੱਨਸੀਆਰ ਦੇ ਲੋਕਾਂ ਨੂੰ ਆਵਾਜਾਈ ਸਬੰਧੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਓਧਰ, ਕੇਂਦਰ ਸਰਕਾਰ ਤੇ ਕਿਸਾਨ ਆਗੂਆਂ ਵਿਚਕਾਰ ਇਕ ਵਾਰ ਫਿਰ ਗੱਲਬਾਤ ਦਾ ਰਾਹ ਪੱਧਰਾ ਹੋਇਆ ਹੈ। ਖੇਤੀ ਮੰਤਰਾਲੇ ਦੇ ਜੁਆਇੰਟ ਸਕੱਤਰ ਵੱਲੋਂ ਭੇਜੇ ਗਏ ਗੱਲਬਾਤ ਦੇ ਪ੍ਰਸਤਾਵ ‘ਤੇ ਸ਼ਨਿਚਰਵਾਰ ਨੂੰ ਕਿਸਾਨ ਜਥੇਬੰਦੀਆਂ ਨੇ ਹਾਮੀ ਭਰੀ ਹੈ। ਕਿਸਾਨ ਆਗੂਆਂ ਨੇ 29 ਦਸੰਬਰ ਨੂੰ 11 ਵਜੇ ਬੈਠਕ ਦਾ ਪ੍ਰਸਤਾਵ ਭੇਜਦੇ ਹੋਏ ਗੱਲਬਾਤ ਲਈ ਚਾਰ ਪ੍ਰਮੁੱਖ ਮੰਗਾਂ ਰੱਖੀਆਂ ਹਨ ਤੇ ਇਸ ਦਾ ਖਰੜਾ ਵੀ ਸਰਕਾਰ ਨੂੰ ਭੇਜਿਆ ਹੈ।
30 ਨੂੰ ਕਿਸਾਨਾਂ ਦਾ ਟ੍ਰੈਕਟਰ ਮਾਰਚ
ਕਿਸਾਨ ਆਗੂ ਡਾ. ਦਰਸ਼ਨਪਾਲ ਸਿੰਘ ਨੇ ਕਿਹਾ ਕਿ 27 ਤੇ 28 ਦਸੰਬਰ ਨੂੰ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹਾਦਤ ਦਿਵਸ ਮਨਾਏ ਜਾਣਗੇ। 30 ਦਸੰਬਰ ਨੂੰ ਕਿਸਾਨ ਟ੍ਰੈਕਟਰ ਲੈ ਕੇ ਮਾਰਚ ਕਰਨਗੇ। ਇਸ ਵਿਚ ਸਿੰਘੂ ਬਾਰਡਰ ਤੋਂ ਟੀਕਰੀ ਤੇ ਸ਼ਾਹਜਹਾਂਪੁਰ ਤਕ ਕਿਸਾਨ ਮਾਰਚ ਕੀਤਾ ਜਾਵੇਗਾ। ਕਿਸਾਨਾਂ ਨੇ ਇਕ ਜਨਵਰੀ ਨੂੰ ਨਵਾਂ ਸਾਲ ਦਿੱਲੀ ਤੇ ਹਰਿਆਣਾ ਨਿਵਾਸੀਆਂ ਨੂੰ ਉਨ੍ਹਾਂ ਦੇ ਨਾਲ ਮਨਾਉਣ ਦਾ ਸੱਦਾ ਦਿੱਤਾ ਹੈ। ਸ਼ਿਵਕੁਮਾਰ ਕੱਕਾ ਨੇ ਕਿਹਾ, ਪੀਐੱਮ ਨੇ ਗ਼ਲਤ ਭਾਸ਼ਣ ਦਿੱਤਾ। ਜਿਹੜੇ ਪੋਸਟਰਾਂ ‘ਤੇ ਤਸਵੀਰ ਲਗਾ ਰਹੇ ਹਨ, ਉਹ ਕੀਟਨਾਸ਼ਕ ਕੰਪਨੀਆਂ ਦੇ ਮੁਲਾਜ਼ਮ ਹਨ।