ਸ਼ਹਿਰ ਦੇ ਜੀਕੇ ਅਸਟੇਟ ‘ਚ ਰਹਿਣ ਵਾਲੇ ਇਕ ਨੌਜਵਾਨ ਨੇ ਇਕ ਵਿਅਕਤੀ ਤੋਂ ਪਰੇਸ਼ਾਨ ਹੋ ਕੇ ਖੁਦਕੁਸ਼ੀ ਕਰ ਲਈ ਹੈ। ਨੌਜਵਾਨ ਨੇ ਮਰਨ ਤੋਂ ਪਹਿਲਾਂ ਕੈਨੇਡਾ ਰਹਿੰਦੇ ਆਪਣੇ ਭਰਾ ਨੂੰ ਵ੍ਹਟਸਐਪ ‘ਤੇ ਵੀਡੀਓ ਵੀ ਭੇਜੀ ਸੀ। ਥਾਣਾ ਟਿੱਬਾ ਦੀ ਪੁਲਿਸ ਨੇ ਮ੍ਰਿਤਕ ਦੀ ਮਾਤਾ ਦੀ ਸ਼ਿਕਾਇਤ ‘ਤੇ ਮੁਕੱਦਮਾ ਦਰਜ ਕਰ ਕੇ ਮੁਲਜ਼ਮ ਦੀ ਗ੍ਰਿਫਤਾਰੀ ਲਈ ਯਤਨ ਸ਼ੁਰੂ ਕਰ ਦਿੱਤੇ ਹਨ।
ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਜੀਕੇ ਅਸਟੇਟ ਦੀ ਰਹਿਣ ਵਾਲੀ ਕੰਚਨ ਆਹੂਜਾ ਨੇ ਦੱਸਿਆ ਕਿ ਉਸ ਦਾ ਲੜਕਾ ਡਿੰਪਲ ਆਹੂਜਾ ਉਰਫ਼ ਸ਼ੈਂਕੀ ਕਾਫ਼ੀ ਸਮੇਂ ਤੋਂ ਪਰੇਸ਼ਾਨ ਸੀ। ਕੰਚਨ ਆਹੂਜਾ ਨੇ ਦੱਸਿਆ ਕਿ ਇਕ ਦਿਨ ਉਨ੍ਹਾਂ ਦੇ ਬੇਟੇ ਦੀ ਤਬੀਅਤ ਅਚਾਨਕ ਵਿਗੜ ਗਈ। ਡਿੰਪਲ ਆਹੂਜਾ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਜਿੱਥੇ ਉਸ ਦੀ ਮੌਤ ਹੋ ਗਈ। ਕੰਚਨ ਆਹੂਜਾ ਨੇ ਦੱਸਿਆ ਕਿ 19 ਅਗਸਤ ਨੂੰ ਉਸ ਦੇ ਛੋਟੇ ਬੇਟੇ ਨੇ ਉਸ ਨੂੰ ਫੋਨ ਕਰਕੇ ਦੱਸਿਆ ਕਿ ਡਿੰਪਲ ਨੇ ਮਰਨ ਤੋਂ ਪਹਿਲਾਂ ਉਸ ਨੂੰ ਵ੍ਹਟਸਐਪ ‘ਤੇ ਵੀਡੀਓ ਭੇਜੀ ਸੀ।
ਵੀਡੀਓ ਵਿੱਚ ਉਹ ਕਹਿ ਰਿਹਾ ਸੀ ਕਿ ਉਸ ਦੀ ਮੌਤ ਲਈ ਜੀਵਨ ਕਾਰ ਬਾਜ਼ਾਰ ਵਾਲਾ ਜ਼ਿੰਮੇਵਾਰ ਹੈ। ਕੰਚਨ ਆਹੂਜਾ ਨੇ ਦੱਸਿਆ ਕਿ ਮੁਲਜ਼ਮ ਨੇ ਉਸ ਦੇ ਲੜਕੇ ਨੂੰ ਨਸ਼ੇ ‘ਚ ਧੁੱਤ ਕਰਵਾ ਦਿੱਤਾ ਅਤੇ ਉਸ ਤੋਂ ਆਪਣੀ ਗੱਡੀ ਵੇਚਣ ਸਬੰਧੀ ਕਾਗਜ਼ਾਂ ’ਤੇ ਦਸਤਖ਼ਤ ਕਰਵਾ ਲਏ। ਥਾਣਾ ਟਿੱਬਾ ‘ਚ ਸੈਕਟਰ-32 ਵਾਸੀ ਜੀਵਨ ਕਾਰ ਬਾਜ਼ਾਰ ਵਾਲੇ ਖ਼ਿਲਾਫ਼ ਅਪਰਾਧਿਕ ਮਾਮਲਾ ਦਰਜ ਕੀਤਾ ਗਿਆ ਹੈ। ਜਾਂਚ ਅਧਿਕਾਰੀ ਏਐਸਆਈ ਜੀਵਨ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਯਤਨ ਕੀਤੇ ਜਾ ਰਹੇ ਹਨ।