ਬਾਲੀਵੁੱਡ ਅਦਾਕਾਰ ਰਿਚਾ ਚੱਢਾ ਅੱਜਕਲ੍ਹ ਆਪਣੀ ਅਪਕਮਿੰਗ ਫਿਲਮ ‘ਮੈਡਮ ਚੀਫ ਮਿਨਿਸਟਰ’ ਨੂੰ ਲੈ ਕੇ ਵਿਵਾਦਾਂ ‘ਚ ਘਿਰ ਗਈ ਹੈ। ਹਾਲ ਹੀ ‘ਚ ਫਿਲਮ ਦੇ ਕੁਝ ਪੋਸਟਰ ਤੇ ਟ੍ਰੇਲਰ ਰਿਲੀਜ਼ ਕੀਤਾ ਗਿਆ ਹੈ ਜਿਸ ਤੋਂ ਬਾਅਦ ਲਗਾਤਾਰ ਰਿਚਾ ਦਾ ਵਿਰੋਧ ਹੋ ਰਿਹਾ ਹੈ। ਹਾਲਾਂਕਿ ਵਿਵਾਦ ਵਧਦਾ ਦੇਖ ਅਦਾਕਾਰਾ ਮਾਫ਼ੀ ਮੰਗ ਚੁੱਕੀ ਹੈ ਪਰ ਗੱਲ ਹਾਲੇ ਵੀ ਇੱਥੇ ਹੀ ਖ਼ਤਮ ਹੁੰਦੀ ਨਜ਼ਰ ਨਹੀਂ ਆ ਰਹੀ ਹੈ।
ਰਿਚਾ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਜਾ ਰਹੀ ਹੈ, ਏਨਾ ਹੀ ਨਹੀਂ ਭੀਮ ਸੈਨਾ ਦੇ ਪ੍ਰਮੁੱਖ ਨਵਾਬ ਸਤਪਾਲ ਤੰਵਰ ਨੇ ਅਦਾਕਾਰਾ ਦੀ ਜੀਭ ਕੱਟ ਕੇ ਲਿਆਉਣ ਵਾਲੇ ਨੂੰ ਇਨਾਮ ਦੇਣ ਦਾ ਐਲਾਨ ਕਰ ਦਿੱਤਾ ਹੈ। ਹਾਲਾਂਕਿ ‘ਮੈਡਲ ਚੀਫ ਮਿਨਿਸਟਰ’ ਦਾ ਕਹਿਣਾ ਹੈ ਕਿ ਉਹ ਇਨ੍ਹਾਂ ਧਮਕੀਆਂ ਤੋਂ ਨਹੀਂ ਡਰਦੀ ਹੈ ਉੱਥੇ ਹੀ ਇਸ ਮਾਮਲੇ ‘ਚ ਬਾਲੀਵੁੱਡ ਅਦਾਕਾਰਾ ਸਵਰਾ ਭਾਸਕਰ ਨੇ ਰਿਚਾ ਦਾ ਸਪੋਰਟ ਕੀਤਾ ਹੈ ਤੇ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਗ਼ਲਤ ਦੱਸਿਆ ਹੈ।
ਸਵਰਾ ਨੇ ਆਪਣੇ ਇੰਸਟਾਗ੍ਰਾਮ ‘ਤੇ ਇਕ ਟਵੀਟ ਨੂੰ ਰੀਟਵੀਟ ਕੀਤਾ ਹੈ। ਉਸ ਟਵੀਟ ‘ਚ ਨਿਊਜ਼ਪੇਪਰ ਦੀਆਂ ਕੁਝ ਕਟਿੰਗ ਨਜ਼ਰ ਆ ਰਹੀਆਂ ਹਨ ਜਿਨ੍ਹਾਂ ‘ਤੇ ਸਾਫ਼-ਸਾਫ਼ ਲਿਖਿਆ ਹੋਇਆ ਹੈ ਕਿ ਰਿਚਾ ਚੱਢਾ ਦੀ ਜ਼ੁਬਾਨ ਕੱਟ ਕੇ ਲਿਆਉਣ ਵਾਲੇ ਨੂੰ ਇਨਾਮ ਦਿੱਤਾ ਜਾਵੇਗਾ। ਉੱਥੇ ਹੀ ਫਿਲਮ ਦੇ ਡਾਇਰੈਕਟਰ ਸੁਭਾਸ਼ ਕਪੂਰ ਨੂੰ ਅਗਵਾ ਕਰਨ ਵਾਲੇ ਨੂੰ ਵੀ ਇਨਾਮ ਦੇਣ ਦਾ ਐਲਾਨ ਕੀਤਾ ਗਿਆ ਹੈ। ਭੁਪਿੰਦਰ ਚੌਧਰੀ ਨਾਂ ਦੇ ਯੂਜ਼ਰ ਦੇ ਟਵੀਟ ਨੂੰ ਰੀਟਵੀਟ ਕੀਤਾ।
ਇਸ ‘ਤੇ ਸਵਰਾ ਨੇ ਲਿਖਿਆ ਹੈ, ‘ਇਹ ਕਾਫ਼ੀ ਸ਼ਰਮਨਾਕ ਹੈ ਤੇ ਇਸ ਦੀ ਸਖ਼ਤ ਨਿੰਦਾ ਕੀਤੀ ਜਾਣੀ ਚਾਹੀਦੀ ਹੈ। ਕਿਸੇ ਫਿਲਮ ਸਬੰਧੀ ਤੁਹਾਡੇ ਵਿਚਾਰਕ ਮਤਭੇਦ ਹੋ ਸਕਦੇ ਹਨ ਜਾਂ ਹੋਰ ਸਮੱਸਿਆਵਾਂ ਹੋ ਸਕਦੀਆਂ ਹਨ, ਪਰ ਇਹ ਅਪਰਾਧਕ ਧਮਕੀ ਤੇ ਹਿੰਸਾ ਲਈ ਉਕਸਾਉਣਾ ਹੈ। ਅੰਬੇਡਕਰਵਾਦੀ, ਦਲਿਤ, ਨਾਰੀਵਾਦੀ ਤੇ ਸਿਰਫ਼ ਸਮਝਦਾਰ ਲੋਕ ਇਸ ਦੇ ਖ਼ਿਲਾਫ਼ ਖੜ੍ਹੇ ਹੋ ਜਾਣ।’ #NOT OK’ ਤੁਹਾਨੂੰ ਦੱਸ ਦੇਈਏ ਕਿ ਮੈਡਮ ਚੀਫ ਮਿਨਿਸਟਰ 22 ਜਨਵਰੀ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋ ਰਹੀ ਹੈ।