PreetNama
ਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politics

Maharashtra Elections: …ਤੇ ਉਪ ਮੁੱਖ ਮੰਤਰੀ ਦੀ ਪਤਨੀ insta ’ਤੇ ਰੀਲਾਂ ਬਣਾਉਂਦੀ ਰਹੇ: ਕਨ੍ਹੱਈਆ ਨੇ ਕੀਤੀ ਵਿਵਾਦਿਤ ਟਿੱਪਣੀ

ਮੁੰਬਈ-ਕਾਂਗਰਸੀ ਆਗੂ ਕਨ੍ਹੱਈਆ ਕੁਮਾਰ ਨੇ ਮਹਾ ਵਿਕਾਸ ਅਗਾੜੀ (MVA) ਗੱਠਜੋੜ ਹੱਕ ਵਿਚ ਚੋਣ ਪ੍ਰਚਾਰ ਕਰਦੇ ਸਮੇਂ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੀ ਪਤਨੀ ਅੰਮ੍ਰਿਤਾ ਫੜਨਵੀਸ ਖਿਲਾਫ ਇਤਰਾਜ਼ਯੋਗ ਟਿੱਪਣੀ ਕਰ ਕੇ ਵੱਡਾ ਵਿਵਾਦ ਖੜ੍ਹਾ ਕਰ ਦਿੱਤਾ ਹੈ। ਉਨ੍ਹਾਂ ਦੀ ਵਿਵਾਦਪੂਰਨ ਟਿੱਪਣੀ ਨੇ ਭਾਜਪਾ ਦੇ ਕਈ ਆਗੂਆਂ ਨੂੰ ਉਸ ਉਤੇ ਹੱਲਾ ਬੋਲਣ ਦਾ ਮੌਕਾ ਮੁਹੱਈਆ ਕਰਵਾ ਦਿੱਤਾ ਹੈ, ਜਿਨ੍ਹਾਂ ਨੇ ਵਿਦਿਆਰਥੀ ਆਗੂ ਤੋਂ ਸਿਆਸਤਦਾਨ ਕਨ੍ਹੱਈਆ ਕੁਮਾਰ ਉਤੇ ਚੋਣ ਪ੍ਰਚਾਰ ਕਰਨ ਦੀ ਥਾਂ ‘ਸ਼ਰਮਨਾਕ ਟਿੱਪਣੀਆਂ’ ਕਰਨ ਦਾ ਦੋਸ਼ ਲਾਇਆ ਹੈ। ਦੱਸਣਯੋਗ ਹੈ ਕਿ ਮਹਾਰਾਸ਼ਟਰ ਵਿਧਾਨ ਸਭਾ ਦੀ ਚੋਣ ਲਈ ਵੋਟਾਂ 20 ਨਵੰਬਰ ਨੂੰ ਪੈਣੀਆਂ ਹਨ।

ਕਨ੍ਹੱਈਆ ਨੇ ਇਹ ਟਿੱਪਣੀ ਫੜਨਵੀਸ ਦੇ ਉਸ ਬਿਆਨ ਬਾਰੇ ਬੋਲਦਿਆਂ ਕੀਤੀ ਜਿਸ ਵਿਚ ਭਾਜਪਾ ਆਗੂ ਨੇ ਲੋਕਾਂ ਨੂੰ ‘ਵੋਟ ਜੇਹਾਦ’ ਦਾ ਮੁਕਾਬਲਾ ਕਰਨ ਲਈ ‘ਧਰਮ ਯੁੱਧ’ ਛੇੜਨ ਦਾ ਸੱਦਾ ਦਿੱਤਾ ਸੀ। ਭਾਜਪਾ ‘ਤੇ ਫੁੱਟ ਪਾਊ ਬਿਆਨਬਾਜ਼ੀ ਤੇ ਸਿਆਸਤ ਕਰਨ ਦਾ ਦੋਸ਼ ਲਾਉਂਦਿਆਂ ਕਨ੍ਹੱਈਆ ਨੇ ਕਿਹਾ ਕਿ ‘ਧਰਮ’ ਨੂੰ ਬਚਾਉਣ ਦਾ ਕੰਮ ਹਰ ਕਿਸੇ ਦੀ ਜ਼ਿੰਮੇਵਾਰੀ ਨਹੀਂ ਹੋਣੀ ਚਾਹੀਦੀ ਅਤੇ ਇਸ ਨੂੰ ਕੁਝ ਚੋਣਵੇਂ ਲੋਕਾਂ ਨੂੰ ਹੀ ਨਹੀਂ ਸੌਂਪਿਆ ਜਾਣਾ ਚਾਹੀਦਾ।

ਉਨ੍ਹਾਂ ਬੁੱਧਵਾਰ ਰਾਤ ਨਾਗਪੁਰ ਵਿੱਚ ਇੱਕ ਜਨਤਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ, ‘‘ਜੇ ਇਹ ‘ਧਰਮ ਯੁੱਧ’ ਹੈ, ਤਾਂ ਤੁਹਾਨੂੰ (ਲੋਕਾਂ ਨੂੰ) ਹਰ ਉਸ ਆਗੂ ਨੂੰ ਸਵਾਲ ਕਰਨਾ ਚਾਹੀਦਾ ਹੈ ਜੋ ਧਰਮ ਨੂੰ ਬਚਾਉਣ ਦਾ ਉਪਦੇਸ਼ ਦਿੰਦਾ ਹੈ। ਉਨ੍ਹਾਂ ਨੂੰ ਪੁੱਛੋ ਕਿ ਕੀ ਉਨ੍ਹਾਂ ਦੇ ਬੱਚੇ ਵੀ ਧਰਮ ਨੂੰ ਬਚਾਉਣ ਦੀ ਲੜਾਈ ਵਿਚ ਸ਼ਾਮਲ ਹੋਣਗੇ? ਇਹ ਕਿਵੇਂ ਸੰਭਵ ਹੈ ਕਿ ਅਸੀਂ ਤਾਂ ਆਪਣੇ ਧਰਮ ਨੂੰ ਬਚਾਉਣ ਦੀ ਲੜਾਈ ਵਿਚ ਮੋਰਚਾ ਸੰਭਾਲ ਲੈਂਦੇ ਹਾਂ, ਪਰ ਉਨ੍ਹਾਂ ਦੇ ਬੱਚੇ ਆਕਸਫੋਰਡ ਅਤੇ ਹਾਰਵਰਡ ਵਰਗੀਆਂ ਯੂਨੀਵਰਸਿਟੀਆਂ/ਸੰਸਥਾਵਾਂ ਵਿੱਚ ਪੜ੍ਹਨ ਲਈ ਵਿਦੇਸ਼ਾਂ ਵਿੱਚ ਜਾਂਦੇ ਹਨ?’’

ਅਗਾਂਹ ਵਿਵਾਦਮਈ ਟਿੱਪਣੀ ਕਰਦਿਆਂ ਕਨ੍ਹੱਈਆ ਕੁਮਾਰ ਨੇ ਕਿਹਾ, “ਧਰਮ ਦੀ ਰੱਖਿਆ ਸਾਨੂੰ ਸਾਰਿਆਂ ਨੂੰ ਕਰਨੀ ਚਾਹੀਦੀ ਹੈ। ਇਹ ਕਿਵੇਂ ਸੰਭਵ ਹੈ ਕਿ ਲੋਕਾਂ ਨੂੰ ਧਰਮ ਬਚਾਉਣ ਦੇ ਕੰਮ ਲਾ ਦਿੱਤਾ ਜਾਵੇ, ਜਦੋਂ ਕਿ ਉਪ ਮੁੱਖ ਮੰਤਰੀ ਦੀ ਪਤਨੀ ਇੰਸਟਾਗ੍ਰਾਮ ‘ਤੇ ਰੀਲਾਂ ਬਣਾਉਂਦੀ ਰਹੇ?’’

ਗ਼ੌਰਤਬਲ ਹੈ ਕਿ ਪਿਛਲੇ ਹਫ਼ਤੇ ਦੇਵੇਂਦਰ ਫੜਨਵੀਸ ਨੇ ਮਹਾਯੁਤੀ (ਹਾਕਮ ਗੱਠਜੋੜ) ਦੇ ਉਮੀਦਵਾਰਾਂ ਲਈ ਪ੍ਰਚਾਰ ਕਰਦੇ ਹੋਏ ਮਹਾ ਵਿਕਾਸ ਅਗਾੜੀ ਗਠਜੋੜ (ਐਮਵੀਏ) ਉਤੇ ਮੁਸਲਿਮ ਵੋਟਾਂ ਲਈ ਤੁਸ਼ਟੀਕਰਨ ਦੀ ਸਿਆਸਤ ਕਰਨ ਦਾ ਦੋਸ਼ ਲਾਉਂਦਿਆਂ ‘ਵੋਟ ਜੇਹਾਦ’ ਦੇ ਜਵਾਬ ਵਿਚ ‘ਧਰਮ ਯੁੱਧ’ ਕਰਨ ਦਾ ਸੱਦਾ ਦਿੱਤਾ ਸੀ।

ਇਸ ਦੌਰਾਨ ਕਨ੍ਹੱਈਆ ਦੀ ਟਿੱਪਣੀ ਦੀ ਭਾਜਪਾ ਨੇ ਸਖ਼ਤ ਨਿਖੇਧੀ ਕੀਤੀ ਹੈ। ਭਾਜਪਾ ਦੇ ਕੌਮੀ ਤਰਜਮਾਨ ਸ਼ਹਿਜ਼ਾਦ ਪੂਨਾਵਾਲਾ ਨੇ ਸੋਸ਼ਲ ਮੀਡੀਆ ‘ਤੇ ਪਾਈ ਇਕ ਪੋਸਟ ਰਾਹੀਂ ਕਾਂਗਰਸ ਆਗੂ ਨੂੰ ‘ਨਕਸਲੀ ਅਫਜ਼ਲ ਗੁਰੂ ਸਮਰਥਕ’ ਕਰਾਰ ਦਿੱਤਾ। ਉਨ੍ਹਾਂ ਫੜਨਵੀਸ ਦੀ ਪਤਨੀ ਵਿਰੁੱਧ ਕੀਤੀ ਗਈ ਟਿੱਪਣੀ ਨੂੰ ਹਰ ਮਰਾਠੀ ਔਰਤ ਦਾ ਅਪਮਾਨ ਕਰਾਰ ਦਿੱਤਾ ਹੈ।

ਪੂਨਾਵਾਲਾ ਨੇ ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ ਉਤ ਪਾਈ ਪੋਸਟ ਵਿਚ ਕਿਹਾ, “ਤੂੰ ਨਕਸਲੀ ਅਫਜ਼ਲ ਗੁਰੂ ਦੇ ਸਮਰਥਕ ਕਾਂਗਰਸੀ ਕਨ੍ਹੱਈਆ ਕੁਮਾਰ। ਤੇਰੀ ਜੁਰਅਤ ਕਿਵੇਂ ਹੋਈ ਮਹਾਰਾਸ਼ਟਰ ਦੀ ਧੀ ਦੀ ਬੇਇੱਜ਼ਤੀ ਕਰਨ ਦੀ। ਅੰਮ੍ਰਿਤਾ ਫੜਨਵੀਸ ਦਾ ਅਪਮਾਨ ਹਰ ਮਰਾਠੀ ਔਰਤ ਦਾ ਅਪਮਾਨ ਹੈ।… ਅਜਿਹੇ ਮਾੜੇ ਸ਼ਬਦ ਵਰਤਣ ਵਾਲਿਆਂ ਨੂੰ ਮਹਾਰਾਸ਼ਟਰ ਦੇ ਲੋਕਾਂ ਵੱਲੋਂ ਸਬਕ ਸਿਖਾਇਆ ਜਾਵੇਗਾ।’’

Related posts

ਦਿੱਲੀ ਏਅਰਪੋਰਟ ‘ਤੇ ਬੇਹੋਸ਼ ਹੋ ਕੇ ਡਿੱਗਿਆ ਫਰਾਂਸ ਦਾ ਨਾਗਰਿਕ, CISF ਜਵਾਨ ਦੀ ਚੌਕਸੀ ਨਾਲ ਬਚੀ ਜਾਨ; ਦੇਣਾ ਪਿਆ ਸੀਪੀਆਰ

On Punjab

Senior in merit but junior in papers, orders to review promotions from primary to master cadre

On Punjab

ਭਾਰਤ ਖਿਲਾਫ ਚੀਨ-ਪਾਕਿ ਦੀ ਵੱਡੀ ਸਾਜਿਸ਼ ਦਾ ਖੁਲਾਸਾ, ਸਰਹੱਦ ਨੇੜੇ ਚੱਲ ਰਿਹਾ ਇਹ ਕੰਮ

On Punjab